ਸੋਚਣ ਵਾਲੀ ਗੱਲ
ਪੀ. ਐਚ. ਡੀ. ਕਰਨ ਤੋਂ ਬਾਅਦ ਟੈਸਟ ਕਲੀਅਰ ਕਰਕੇ ਵੀ ਨੌਕਰੀ ਤੋਂ ਜਵਾਬ ਲੈ ਚੁੱਕਿਆ ਕਰਮਾ ਤੇ ਉਹਦਾ ਭਤੀਜਾ ਬੈਠੇ ਖਬਰਾਂ ਦੇਖ ਰਹੇ ਸੀ। ਸਭ ਪੱਸਿਓਂ ਆਸ ਟੁੱਟ ਜਾਣ ਕਾਰਨ ਕਰਮਾ ਅਵੇਸਲਾ ਜੇਹਾ ਹੋਇਆ ਬੈਠਿਆ ਸੀ। ਇੰਨੇ ਨੂੰ ਟੀ ਵੀ ਦੇ ਉੱਤੇ ,ਇੱਕ ਖਬਰ ਨਸ਼ਰ ਹੋਣ ਲੱਗੀ ਕਿ ਕੋਈ ਕਿਸੇ ਧਰਮ ਦਾ ਆਪੇ ਬਣਿਆ ਲੀਡਰ ਜਿਸਦਾ ਕਿ ਇੱਕੋ ਹੀ ਕੰਮ ਸੀ ,ਸਾਰਾ ਦਿਨ ਕਿਸੇ ਦੂਜੇ ਧਰਮ ਦੇ ਲੋਕਾਂ ਨੂੰ ਰਗੜ ਦੇਣ ਤੇ ਮਾਰ ਦੇਣ ਦੀਆਂ ਧਮਕੀਆਂ ਦੇਣੀਆਂ ,ਉਸਨੂੰ ਕਿਸੇ ਨੇ ਗੋਲੀ ਮਾਰ ਦਿੱਤੀ ਸੀ ।ਖਬਰ ਵਿੱਚ ਦੱਸਿਆ ਜਾ ਰਿਹਾ ਸੀ ਕਿ ਉਸਦੇ ਪਰਿਵਾਰ ਨੇ ਸਸਕਾਰ ਇਸ ਸ਼ਰਤ ਤੇ ਕਰਨਾ ਮੰਨਿਆ ਸੀ ਕਿ ਉਸਦੇ ਟੱਬਰ ਨੂੰ ਸਰਕਾਰੀ ਨੌਕਰੀਆਂ ਤੇ ਸ਼ਹੀਦ ਦਾ ਦਰਜਾ ਦਿੱਤਾ ਜਾਵੇਗਾ । ਕਰਮੇ ਦੇ ਭਤੀਜੇ ਨੇ ਪੁੱਛਿਆ ਕਿ ਚਾਚਾ ਤੈਨੂੰ ਤਾਂ ਸਰਕਾਰੀ ਨੌਕਰੀ ਮਿਲੀ ਨਹੀਂ ? ਤੁਸੀਂ ਤਾਂ ਪੜ੍ਹਾਈ ਵੀ ਬਹੁਤ ਕੀਤੀ ਐ ਤੇ ਧਰਨੇ ਵੀ ਹਰ ਰੋਜ਼ ਹੀ ਲਾਂਉਦੇ ਫਿਰਦੇ ਹੋ ਤੇ ਪੁਲਿਸ ਕੋਲੋਂ ਕਈ ਵਾਰ ਕੁੱਟ ਵੀ ਖਾਨੇ ਓ। ਕਰਮੇ ਨੇ ਹਾਂਉਕਾ ਲੈ ਕੇ ਜਵਾਬ ਦਿੱਤਾ - "ਅਸੀਂ ਤਾਂ ਪੁੱਤ ਹਨੇਰੇ ਵਿੱਚ ਈ ਟੱਕਰਾਂ ਮਾਰੀ ਗਏ ਹੁਣ ਤੱਕ ,ਨੌਕਰੀ ਲੈਣ ਦਾ ਸਹੀ ਤਰੀਕਾ ਹੀ ਹੁਣ ਪਤਾ ਲੱਗਿਆ "।ਬੱਚਾ ਪੁੱਛਦਾ ਕਿ ਉਹ ਕਿਹੜਾ ਚਾਚਾ ਜੀ ਤਾਂ ਕਰਮੇ ਦਾ ਜਵਾਬ ਸੀ ਕਿ ਬੱਸ ਫੇਸਬੁੱਕ ਤੇ ਲਾਈਵ ਹੋ ਕੇ ਕਿਸੇ ਧਰਮ ਦੇ ਖਿਲਾਫ ਗੰਦ ਬਕਣਾ ਸ਼ੁਰੂ ਕਰ ਦਿਓ ਤੇ ਫੇਰ ਸਰਕਾਰ ਨੂੰ ਕਹੋ ਕਿ ਖਤਰਾ ਹੈ ਮੈਨੂੰ ਤਾਂ ਗੰਨਮੈਨਾਂ ਦੀ ਜ਼ਰੂਰਤ ਹੈ , ਤੇ ਫੇਰ ਨਾਲ ਫੌਜ ਲੈ ਕੇ ਲੋਕਾਂ ਤੇ ਪ੍ਰਭਾਵ ਪਾਓ ਤੇ ਉਹਨਾਂ ਦੇ ਮਸਲੇ ਨਬੇੜਣ ਦੇ ਨਾਂ ਤੇ ਦਲਾਲੀ ਖਾਓ ।ਜੇ ਕੋਈ ਅੱਕਿਆ ਪਾਰ ਬੁਲਾ ਵੀ ਦੇਵੇ ਤਾਂ ਸਾਰੇ ਟੱਬਰ ਨੂੰ ਨੌਕਰੀਆਂ ਤੇ ਸ਼ਹੀਦ ਦਾ ਦਰਜਾ ਤਾਂ ਵੱਟ ਤੇ ਪਿਆ ਹੀ ਹੈ ।ਜਵਾਬ ਸੁਣਨ ਤੋਂ ਬਾਅਦ ਭਤੀਜਾ ਦਿਮਾਗ ਤੇ ਜ਼ੋਰ ਪਾ ਕੇ ਸੋਚ ਰਿਹਾ ਸੀ ਕਿ ਅੱਜ ਹੀ ਸਕੂਲ ਵਿੱਚ ਪੜ੍ਹਾ ਰਹੇ ਸੀ ਕਿ ਸਾਡਾ ਦੇਸ਼ ਧਰਮ ਨਿਰਪੱਖ ਦੇਸ਼ ਹੈ ਤੇ ਇੱਥੇ ਸੰਵਿਧਾਨ ਦੀ ਨਜ਼ਰ ਵਿੱਚ ਸਭ ਬਰਾਬਰ ਨੇ ???

#saadeaalaradio #sadeaalaradio #shortstories #shivsenaleaderkilled #sudhirsurikilled #unemployment