
ਬੜੇ ਦਿਨਾਂ ਤੋਂ ਐਕਟਿਵਾ ਦਾ ਇਸਤੇਮਾਲ ਨਾ ਹੋਣ ਕਰਕੇ ਫੁਰਨਾ-ਫੁਰਿਆ ਕੇ ਇਸਨੂੰ OLX ਤੇ ਵੇਚ ਦਿੱਤਾ ਜਾਵੇ। ਚੰਗੀਆਂ ਤਸਵੀਰਾਂ ਖਿੱਚ ਕੇ ਮਸ਼ਹੂਰੀ ਲਈ ਪਾ ਦਿੱਤੀਆਂ ਤੇ ਥੱਲੇ ਕੀਮਤ 30000/- ਪਾ ਦਿੱਤੀ। ਬੜੇ ਬੰਦਿਆਂ ਨੇ ਫੋਨ ਕੀਤੇ 15 ਤੋਂ 28 ਤੱਕ ਦੇਣ ਲਈ ਤਾਂ ਕਾਫੀ ਬੰਦੇ ਤਿਆਰ ਸਨ। ਇੱਕ ਦਿਨ 29000/- ਦਾ ਵੀ ਆਫਰ ਆਇਆ ਮੈਂ ਉਸ ਨੂੰ ਵੀ 'Waiting' ਵਿੱਚ ਰੱਖ ਲਿਆ ਕਿਉਂਕਿ ਉਮੀਦ ਸੀ ਕਿ ਕੋਈ ਸੱਜਣ 30000/- ਦੇ ਹੀ ਦੇਊ। ਅਗਲੀ ਸਵੇਰ ਇੱਕ ਫੋਨ ਆਇਆ ਅੱਗੋਂ ਕੋਈ ਬਹੁਤ ਹੀ ਦਬੀ ਜਿਹੀ ਆਵਾਜ਼ 'ਚ ਬੋਲਿਆ ਸਰਦਾਰ ਜੀ "ਸਤਿ ਸ਼੍ਰੀ ਅਕਾਲ" ਮੈਂ ਵੀ "ਸਤਿ ਸ੍ਰੀ ਅਕਾਲ" ਦਾ ਜਵਾਬ ਦੇ ਕੇ ਪੁੱਛਿਆ ਹਾਂਜੀ ਦੱਸੋ। ਅੱਗੋਂ ਸਤਿਕਾਰ ਸਹਿਤ ਆਵਾਜ਼ ਆਈ ਕੇ ਤੁਹਾਡੀ olx ਤੇ ਗੱਡੀ ਦੇਖੀ ਸੀ ਪਸੰਦ ਆਈ, ਇੱਕ ਮਿੰਟ ਵਾਸਤੇ ਤਾਂ ਮੈਂ ਸੋਚਿਆ ਵੀ ਗੱਡੀ ਵੇਚਣ ਵਾਸਤੇ ਤਾਂ ਮੈਂ ਕੋਈ 'advertisement' ਨਹੀਂ ਦਿੱਤੀ ਫਿਰ ਯਾਦ ਆਇਆ ਕੇ "ohh" ਇਹ ਤਾਂ ਐਕਟਿਵਾ ਦੀ ਗੱਲ ਕਰ ਰਹੇ ਹਨ ਮੈਂ ਕਿਹਾ ਹਾਂਜੀ-ਹਾਂਜੀ ਦੱਸੋ। ਉਹਨਾਂ ਨੇ ਬੋਲਣਾ ਸ਼ੁਰੂ ਕੀਤਾ ਤਾਂ ਕਹਿਣ ਲੱਗੇ ਕਿ ਬੜੀ ਕੋਸ਼ਿਸ਼ ਕੀਤੀ ਕੇ 30000/- ਇਕੱਠਾ ਕਰ ਲਵਾਂ ਪਰ ਬੜੀ ਮੁਸ਼ਕਲ ਨਾਲ 24000/- ਹੀ ਕਰ ਸਕਿਆ ਹਾਂ। ਮੇਰਾ ਬੇਟਾ engineering ਦੀ ਪੜਾਈ ਦੇ ਆਖਰੀ ਵਰੇ ਵਿਚ ਹੈ, ਬੜੀ ਮਿਹਨਤ ਕੀਤੀ ਹੈ ਉਸਨੇ ਕਦੇ ਪੈਦਲ,ਕਦੇ ਸਾਇਕਲ ਤੇ, ਕਦੇ ਬਸ ਤੇ ਕਦੇ ਕਿੱਸੇ ਦੇ ਨਾਲ। ਤੁਸੀਂ ਕਿਰਪਾ ਕਰ ਕੇ ਇਹ ਗੱਡੀ ਮੈਨੂੰ ਹੀ ਦਿਓ ਜੀ। ਨਵੀਂ ਗੱਡੀ ਖਰੀਦਣ ਦੀ ਹੈਸੀਅਤ ਨਹੀਂ ਹੈ। ਮੈਨੂੰ ਥੋੜਾ ਸਮਾਂ ਦੇ ਦਿਓ ਮੈਂ ਆਪਣਾ ਫੋਨ ਵੇਚ ਕੇ ਤੁਹਾਡੇ ਪੈਸੇ ਪੂਰੇ ਕਰ ਦੇਵਾਂਗਾ। ਮੈਂ ਸਿਰਫ "ok" ਕਹਿ ਕੇ ਫੋਨ ਕੱਟ ਦਿੱਤਾ।
ਕੁਝ ਦੇਰ ਸੋਚਿਆ, ਫਿਰ ਬਹੁਤ ਸੋਚਿਆ ਫਿਰ ਵਾਪਿਸ ਕੱਲ ਕਰਕੇ ਕਹਿ ਦਿੱਤਾ ਕੇ ਤੁਹਾਨੂੰ ਆਪਣਾ ਫੋਨ ਵੇਚਣ ਦੀ ਜਰੂਰਤ ਨਹੀਂ ਹੈ !ਤੁਸੀਂ ਆਓ ਤੇ 24000/- ਵਿੱਚ ਹੀ "Activa" ਲੈ ਜਾਉ। ਮੇਰੇ ਕੋਲ 29000/- ਦਾ ਆਫਰ ਹੋਣ ਦੇ ਬਾਵਜੂਦ ਵੀ ਮੈਂ ਉਸਨੂੰ 24000 ਵਿਚ ਹੀ ਹਾਂ ਕਰ ਦਿੱਤੀ। ਮੈਂ ਸੋਚ ਰਿਹਾ ਸੀ ਕੇ ਉਹ ਅੱਜ ਕਿੰਨਾ ਖੁਸ਼ ਹੋਵੇਗਾ। ਮੈਨੂੰ ਤਾਂ 5000 ਵੱਧ ਘੱਟ ਨਾਲ ਕੋਈ ਫਰਕ ਨਹੀਂ ਪੈਣਾ। ਰੱਬ ਨੇ ਬਥੇਰਾ ਕੁਝ ਬਖਸ਼ਿਆ ਹੈ ਕੀ ਫਰਕ ਪੈਂਦਾ ਹੈ।
ਅਗਲੀ ਸਵੇਰ ਉਹ ਕਾਫੀ ਸਾਰੇ 500,200 ਤੇ 100 ਦੇ ਨੋਟ ਲੈ ਕੇ ਮੇਰੇ ਘਰ ਪਹੁੰਚ ਗਿਆ। ਮੈਂ ਪੈਸੇ ਫੜ ਕੇ ਓਹਨੂੰ ਚਾਬੀਆਂ ਤੇ ਕਾਗਜ਼ਾਦ ਸੌਂਪ ਦਿੱਤੇ। ਉਹਦੇ ਮੁੰਡੇ ਨੇ ਜੇਬ ਵਿਚੋਂ ਰੁਮਾਲ ਕੱਢਿਆ ਤੇ ਬੜੇ ਚਾਅ ਨਾਲ "Activa" ਨੂੰ ਸਾਫ ਕਰਨ ਲੱਗ ਪਿਆ। ਉਹ ਵਾਰ-ਵਾਰ ਹੱਥ ਫੇਰ-ਫੇਰ ਕੇ ਦੇਖ ਰਿਹਾ ਸੀ। ਮੈਂ ਉਸਦੀਆਂ ਅੱਖਾਂ ਵਿਚਲੀ ਖੁਸ਼ੀ ਨੂੰ ਮਹਿਸੂਸ ਕਰ ਪਾ ਰਿਹਾ ਸੀ। ਓਹਨੇ ਮੈਨੂੰ ਪੈਸੇ ਗਿਣਨ ਵਾਸਤੇ ਕਿਹਾ ਤਾਂ ਮੈਂ ਬੱਸ ਹੱਥ ਖੜਾ ਕਰ ਕੇ ਓਹਨੂੰ ਕਹਿ ਦਿੱਤਾ ਕੇ ਬੱਸ ਜੋ ਹੈ ਠੀਕ ਹੈ। ਜਦੋਂ ਉਹ ਜਾਣ ਲੱਗੇ ਤਾਂ ਮੈਂ ਉਹਨਾਂ ਦੇ ਨੋਟਾਂ ਵਿਚੋਂ ਹੀ ਇੱਕ 500 ਦਾ ਨੋਟ ਉਸਨੂੰ ਕੱਢ ਕੇ ਦਿੱਤਾ ਤੇ ਆਖਿਆ ਕੇ ਮਿਠਾਈ ਲੈਂਦੇ ਜਾਇਓ, ਘਰੇ ਨਵੀਂ ਗੱਡੀ ਆਈ ਹੈ। ਉਹਨੇ ਕਿੰਨੀ ਵਾਰੀ ਝੁੱਕ ਕੇ ਮੈਨੂੰ ਸਨਮਾਨ ਦਿੱਤਾ ਤੇ ਵਾਰ-ਵਾਰ ਧੰਨਵਾਦ ਕਰਦਾ ਉਹ ਥੱਕ ਨਹੀਂ ਰਿਹਾ ਸੀ।
ਮੈਂ ਅੱਜ ਆਪਣੇ ਆਪ ਨੂੰ ਬੜਾ ਹੀ ਚੰਗਾ ਮਹਿਸੂਸ ਕਰ ਰਿਹਾ ਸੀ। ਭਾਵੇਂ ਮੈਂ ਪੈਸੇ ਵਲੋਂ ਘਾਟਾ ਖਾਇਆ ਸੀ ਪਰ ਕੁੱਝ ਹਾਲਾਤਾਂ ਵਿਚ ਪੈਸਾ ਮਾਇਨੇ ਹੀ ਨਹੀਂ ਰੱਖਦਾ। ਇੱਕ ਮਨੁੱਖ ਹੋਣ ਦੇ ਨਾਤੇ ਤੁਹਾਨੂੰ ਛੋਟਾ-ਬੜਾ, ਚੰਗਾ ਕੰਮ ਕਿੱਸੇ ਹੋਰ ਦੀ ਭਲਾਈ ਲਈ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਕੇ ਤੁਸੀਂ ਅੱਗੇ ਵੀ ਕਿੱਸੇ ਨੂੰ ਸਿੱਖਿਆ ਦੇਣ ਲੱਗੇ ਇਸਦੀ ਮਿਸਾਲ ਦੇ ਸਕੋਂ ਤੇ ਕਿੱਸੇ ਨੂੰ ਚੰਗਾ ਰਾਹ ਦਿਖਾ ਸਕੋਂ। ਉਸ ਦਿਨ ਪਤਾ ਨਹੀਂ ਕਿੰਨੀਆਂ ਹੀ ਦੁਆਵਾਂ ਉਸ ਪਰਿਵਾਰ ਨੇ ਮੈਨੂੰ ਦਿੱਤੀਆਂ ਜਿਹਨਾਂ ਦਾ ਮੁੱਲ ਦੁਨਿਆਵੀ ਪੈਸੇ ਨਾਲ ਨਹੀਂ ਪਾਇਆ ਜਾ ਸਕਦਾ।
Comments