ਸੰਤੋਖ ਨੂੰ ਉਸਦਾ ਬਾਪੂ ਪਿੱਛੋਂ ਆਵਾਜ਼ ਮਾਰਦਾ ਹੀ ਰਹਿ ਗਿਆ ਕਿ ਤੇਰੀ ਮੰਮੀ ਨੂੰ ਬੁਖਾਰ ਹੈ ਓਹਨੂੰ ਦਵਾਈ ਦਵਾ ਲਿਆ ਮੈਨੂੰ ਖੇਤ ਕੰਮ ਹੈ, ਅੱਜ ਆਪਣੀ ਪਾਣੀ ਦੀ ਵਾਰੀ ਹੈ। ਪਰ ਉਸਨੇ ਇੱਕ ਨਾ ਸੁਣੀ ਤੇ ਕੰਨ ਜਿਹਾ ਦੱਬ ਕੇ ਮੋਟਰ ਸਾਈਕਲ ਤੇ ਚੜ ਕੇ ਲੰਘ ਗਿਆ। ਉਸਦੇ ਦੋਸਤ ਨੇ ਕਿਹਾ ਓਏ ਤੇਰਾ ਬਾਪੂ ਬੁਲਾਈ ਜਾਂਦਾ ਤਾਂ ਸੰਤੋਖ ਨੇ ਕਿਹਾ ਕਿ ਬੁੱਢੇ ਦਾ ਤਾਂ ਆਹੀ ਕੰਮ ਹੈ ਤੂੰ ਮੋਟਰਸਾਇਕਲ ਅੱਗੇ ਤੋਰ ਚੱਲ ਗੇੜਾ ਮਾਰ ਕੇ ਆਈਏ। ਉਹਨਾਂ ਨੇ ਮੋਟਰਸਾਈਕਲ ਤੋਰ ਲਿਆ। ਵਿਹਲੇ ਗੇੜੇ ਮਾਰੇ ਤੇ ਘਰ ਆ ਕੇ ਪੈ ਗਿਆ। ਸਮਾਂ ਬੀਤਦਾ ਗਿਆ,ਹਰ ਰੋਜ਼ ਇਦਾਂ ਹੀ ਹੁੰਦਾ। ਸੰਤੋਖ ਆਪਣੇ ਘਰਦਿਆਂ ਨੂੰ ਬੜੀ ਵਾਰੀ ਗ਼ਲਤ ਬੋਲਦਾ ਤੇ ਕਹਿ ਦਿੰਦਾ ਕਿ ਇਹਨਾਂ ਨੂੰ ਅੱਜ ਕਲ ਦੀ "generation" ਬਾਰੇ ਪਤਾ ਹੀ ਨੀ ਮੈਂ ਤਾਂ ਬਿਲਕੁਲ ਹੁਣ ਦੱਸਣਾ ਹੀ ਬੰਦ ਕਰਤਾ ਹੈ। ਓਹਨੂੰ ਉਸਦੇ ਮਿਤੱਰ ਵੀ ਬਹੁਤ ਸਮਝਾਉਂਦੇ ਕੇ ਮਾਂ ਪਿਓ ਤੋਂ ਉੱਤੇ ਕੋਈ ਨਹੀਂ ਹੁੰਦਾ ਉਹਨਾਂ ਨੂੰ ਇੰਨਾ ਗ਼ਲਤ ਨਹੀਂ ਬੋਲੀਦਾ ਹੁੰਦਾ ਪਰ ਉਹ ਕਿਸੇ ਦੀ ਇੱਕ ਨਾ ਸੁਣਦਾ। ਸਮਾਂ ਬੜਾ ਬਲਵਾਨ ਹੁੰਦਾ ਹੈ, ਬੰਦੇ ਨੂੰ ਆਪਣੀਆਂ ਕੀਤੀਆਂ ਦਾ ਫੱਲ ਭੋਗਣਾ ਹੀ ਪੈਂਦਾ ਹੈ। ਸੰਤੋਖ ਦਾ ਵਿਆਹ ਹੋਗਿਆ ਤੇ ਹੁੰਦਾ-ਹੁੰਦਾ ਉਸਦੇ ਮੁੰਡੇ ਨੇ ਵੀ ਜਵਾਨੀ ਵਿਚ ਪੈਰ ਧਰਿਆ ਤਾਂ ਓਦੋਂ ਤੱਕ ਸੰਤੋਖ ਦੀ ਆਪਣੀ ਦਾੜ੍ਹੀ ਵਿਚ ਧੌਲੇ ਆਉਣ ਲੱਗ ਪਏ ਸਨ। ਇੱਕ ਦਿਨ ਉਸਨੇ ਆਪਣੇ ਕਾਲਜ ਜਾਂਦੇ ਮੁੰਡੇ ਨੂੰ ਆਵਾਜ਼ ਲਗਾਈ ਤੇ ਕਿਹਾ ਕੇ ਜਾਂਦਾ-ਜਾਂਦਾ ਆਹ ਕੁਝ ਸਮਾਨ ਓਥੇ ਫੜਾਉਂਦਾ ਜਾਈਂ। ਸੰਤੋਖ ਨੇ ਅਜੇ ਆਪਣਾ ਵਾਕ ਪੂਰਾ ਵੀ ਨਹੀਂ ਕੀਤਾ ਸੀ ਕੇ ਮੁੰਡਾ ਟੁੱਟ ਕੇ ਪੈ ਗਿਆ ਮੈਥੋਂ ਨੀ ਹੁੰਦੀਆਂ ਤੇਰੀਆਂ ਵਗਾਰਾਂ, ਮੈਂ ਕਾਲਜ ਚਲਾਂ ਆਪਣਾ ਆਪ ਦੇਖੋ। ਉਸਦੇ ਮੁੰਡੇ ਦੇ ਦੋਸਤ ਨੇ ਵੀ ਉਸਨੂੰ ਓਹੀ ਗੱਲ ਕਹੀ ਜਿਹੜੀ ਅੱਜ ਤੋਂ ਕਾਫੀ ਸਾਲ ਪਹਿਲਾਂ ਸੰਤੋਖ ਦਾ ਦੋਸਤ ਉਸਨੂੰ ਕਹਿ ਰਿਹਾ ਸੀ। ਸੰਤੋਖ ਹੱਥ ਵਿੱਚ ਸਮਾਨ ਫੜੀ ਸੋਚ ਰਿਹਾ ਸੀ ਤੇ ਮਨਂ ਹੀ ਮਨ ਆਪਣੇ ਸਵਰਗਵਾਸੀ ਪਿਤਾ ਜੀ ਤੋਂ ਮਾਫੀ ਵੀ ਮੰਗ ਰਿਹਾ ਸੀ ਕਿਉਂਕਿ ਉਸਨੂੰ ਆਪਣੇ ਪਿਤਾ ਜੀ ਤੇ ਉਸ ਸਮੇਂ ਕੀ ਬੀਤਦੀ ਸੀ ਦਾ ਹੂਬਹੂ ਇਹਸਾਸ ਹੋ ਰਿਹਾ ਸੀ। ਇਕ ਲੰਬਾ ਹਉਂਕਾ ਲੈ ਕੇ ਉਹ ਕੁਰਸੀ ਤੇ ਬੈਠ ਕੇ ਮੱਥੇ ਤੇ ਹੱਥ ਮਾਰਦਾ ਹੋਇਆ ਅੱਖੋਂ ਹੰਝੂ ਵਹਾਉਣ ਲੱਗ ਪਿਆ। ਪਰ ਹੁਣ ਪਛਤਾਉਣ ਦਾ ਕੋਈ ਫਾਇਦਾ ਨਹੀਂ ਸੀ। ਇਸ ਲਈ ਆਪਣੇ ਮਾਂ-ਬਾਪ ਦੀ ਹਮੇਸ਼ਾ ਇੱਜਤ ਕਰਨੀ ਚਾਹੀਦੀ ਹੈ ਤੇ ਉਹਨਾਂ ਨੂੰ ਕਦੇ ਵੀ ਗ਼ਲਤ ਸ਼ਬਦਾਵਲੀ ਨਹੀਂ ਬੋਲਣੀ ਚਾਹੀਦੀ।
top of page
bottom of page
Comments