ਓਦੋਂ ਮੈਂ ਚੰਡੀਗੜ੍ਹ ਵਿਖੇ ਇੱਕ ਵੱਡੇ ਹੋਟਲ ਵਿੱਚ ਕਾਰ ਡਰਾਈਵਰ ਸੀ। ਸਵੇਰੇ ਮੇਰੀ ਡਿਊਟੀ ਇੱਕ ਹੋਟਲ ਦੇ ਮਹਿਮਾਨ ਨੂੰ ਉਸਦੀ ਮੰਜਿਲ ਤੱਕ ਪਹੁੰਚਾਉਣ ਦੀ ਲੱਗ ਗਈ। ਜਿਵੇਂ ਹੀ ਮੈਂ ਉਹਨਾਂ ਲਈ ਆਪਣੇ ਕਾਰ ਦੀ ਤਾਕੀ ਖੋਲੀ ਤਾਂ ਉਹ ਜ਼ਾਜਮਾਨ ਫੋਨ ਤੇ ਗੱਲ ਕਰਦੇ ਕਰਦੇ ਕਾਰ ਵਿਚ ਬੈਠ ਗਏ। ਉਹ ਫੋਨ ਤੇ ਕਿਸੇ ਨੂੰ ਕਹਿ ਰਹੇ ਸਨ ਕੇ ਮੰਤਰੀ ਜੀ ਨਾਲ ਹੋਈ ਗੱਲ ਕਿੰਨੇ ਕਹਿੰਦੇ ਨੇ ? ਸਾਹਮਣੇ ਵਾਲੇ ਨੇ ਜੋ ਵੀ ਜਵਾਬ ਦਿੱਤਾ ਉਹ ਮੈਨੂੰ ਸੁਣਾਈ ਨਹੀਂ ਦਿੱਤਾ ਪਰ ਸਾਹਿਬ ਨੇ ਓਹਨੂੰ ਕਿਹਾ ਕੇ 50-60 ਤੱਕ ਮੁਕਾ ਦਿਓ। ਹੁਣ ਇਹ 50-60 ਕੋਈ ਹਜਾਰਾਂ 'ਚ ਨਹੀਂ ਸੀ, ਗੱਲ 'obviously' ਲੱਖਾਂ ਜਾਂ ਕਰੋੜਾਂ ਦੀ ਸੀ। ਮੈਂ ਹੁਣ ਤੱਕ ਸਮਝ ਚੁਕਿਆ ਸੀ ਕੇ ਸਾਹਿਬ ਕਾਫੀ ਵੱਡੇ ਆਦਮੀ ਨੇ। ਸਾਡੇ ਦਰਮਿਆਨ ਦੀ ਚੁੱਪੀ ਟੁੱਟੀ ਤਾਂ ਉਹਨਾਂ ਨੇ ਪੁੱਛਿਆ ਕੇ ਇਥੇ ਕਿਤੇ ਨੇੜੇ-ਤੇੜੇ ਗੁਰਦਵਾਰਾ ਸਾਹਿਬ ਹੈ ਤਾਂ ਪਹਿਲਾਂ ਓਥੇ ਚਲੋ ਆਪਾਂ ਮੱਥਾ ਟੇਕਦੇ ਹੋਏ ਚਲਾਂਗੇ। ਮੈਂ ਸੋਚ ਰਿਹਾ ਸੀ ਕੇ ਕਿੰਨਾ ਧਾਰਮਿਕ ਬੰਦਾ ਹੈ। ਇੰਨੇ ਨੂੰ ਸ਼ਾਇਦ ਓਹਦੇ ਮੁੰਡੇ ਜਾਂ ਕੁੜੀ ਦਾ ਫੋਨ ਆਇਆ ਜਿਸਦਾ ਜਨਮ ਦਿਨ ਸੀ ਉਹਨੇ ਫੋਨ ਚੁੱਕ ਕੇ ਓਹਨੂੰ ਜਨਮਦਿਨ ਦੀ ਵਧਾਈ ਦਿੱਤੀ ਤੇ ਨਾਲ ਹੀ ਉਹਨਾਂ ਦੇ ਖਾਤੇ ਵਿੱਚ ਪਾਰਟੀ ਲਈ 50000 ਰੁਪਏ ਪਾਉਣ ਦੀ ਵੀ ਜਾਣਕਾਰੀ ਦਿੱਤੀ। ਮੇਰਾ ਵਿਸ਼ਵਾਸ ਹੁਣ ਪੂਰਾ ਪੱਕਾ ਹੋ ਗਿਆ ਸੀ ਕੇ ਬਾਊ ਜੀ ਕੋਲੇ ਬਹੁਤ ਪੈਸੇ ਹਨ। ਚਲੋ ਖੈਰ ! ਅਸੀਂ ਚਲਦੇ ਗਏ ਤੇ ਗੁਰਦਵਾਰਾ ਸਾਹਿਬ ਕੋਲ ਜਾ ਕੇ ਮੈਂ ਗੱਡੀ ਰੋਕ ਲਈ ਤੇ ਉਹਨਾਂ ਨੂੰ ਜਾਣਕਾਰੀ ਦਿੱਤੀ ਕਿ ਆਪਾਂ ਪਹੁੰਚ ਗਏ ਆ ਜੀ। ਉਹਨਾਂ ਨੇ ਆਪਣੇ ਜੁੱਤੇ ਗੱਡੀ ਵਿੱਚ ਹੀ ਉਤਾਰੇ ਤੇ ਆਪਣਾ ਬਟੂਆ ਕੱਢ ਲਿਆ। ਬਟੂਏ ਵਿੱਚ ਸਿਰਫ 2000 ਤੇ 500 ਦੇ ਹੀ ਨੋਟ ਸਨ। ਉਹਨਾਂ ਨੇ ਇੱਕ 500 ਦਾ ਨੋਟ ਮੇਰੇ ਵੱਲ ਕਰਦੇ ਪੁੱਛਿਆ ਜੇ ਮੇਰੇ ਕੋਲ "ਖੁੱਲੇ ਪੈਸੇ" ਹਨ। ਮੈਂ ਨਾਂਹ ਵਿੱਚ ਸਿਰ ਹਿਲਾਇਆ ਤੇ ਨਾਲ ਹੀ ਪੁੱਛਿਆ ਕਿ ਤੁਸੀਂ ਕੀ ਕਰਨੇ ਹਨ ਤਾਂ ਉਹਨਾਂ ਕਿਹਾ ਕੇ ਯਾਰ ਮੱਥਾ ਟੇਕਣਾ ਹੈ ਮੈਂ ਜੇਬ ਵਿੱਚ ਹੱਥ ਮਾਰਿਆ ਤਾਂ ਵਿਚੋਂ 45 ਰੁਪਏ ਨਿਕਲੇ। ਮੈਂ ਓਹਦੇ ਵਿਚੋਂ 10 ਦਾ ਨੋਟ ਕੱਢ ਕੇ ਸਾਹਿਬ ਅੱਗੇ ਕਰ ਦਿੱਤਾ ਕੇ ਇਹ ਲਓ ਜੀ। ਉਹਨਾਂ ਨੇ ਝੱਟ ਮੇਰਾ ਮੇਲਾ ਕੁਚੇਲਾ 10 ਦਾ ਨੋਟ ਫੜ ਲਿਆ ਤੇ ਕਿਹਾ ਕੇ ਚੱਲ "ਸਰ ਗਿਆ"। ਸਾਹਿਬ ਮੱਥਾ ਟੇਕ ਕੇ ਵਾਪਿਸ ਆ ਗਏ। ਮੈਂ ਉਹਨਾਂ ਨੂੰ ਉਹਨਾਂ ਦੀ ਮੰਜਿਲ ਤੇ ਛੱਡਿਆ ਤੇ ਸਾਰੇ ਰਸਤੇ ਹੀ ਸੋਚਦਾ ਰਿਹਾ ਕੇ ,ਕੀ ਇਹ ਪੈਸੇ ਨਾਲ ਲੈ ਕੇ ਚਲਾ ਜਾਵੇਗਾ ? ਤੇ ਜੇ ਸਾਰਨਾ ਹੀ ਸੀ ਤਾਂ ਪੈਸੇ ਨਾ ਚੜਾਉਣ ਵਾਲਿਆਂ ਨੂੰ ਕਿਹੜਾ ਭਾਈ ਜੀ ਗੁਰਦਵਾਰਾ ਸਾਹਿਬ ਤੋਂ ਬਾਹਰ ਕੱਢ ਦਿੰਦੇ ਹਨ। ਬਾਊ ਜੀ ਨੇ ਮੇਰਾ 10 ਦਾ ਨੋਟ ਚੜਾ ਕੇ ਸ਼ਾਇਦ ਰੱਬ ਨਾਲ ਚਲਾਕੀ ਕੀਤੀ ਸੀ ਜੋ ਮੇਰੀ ਸਮਝ ਤੋਂ ਪਰੇ ਸੀ ਤੇ ਜੇਕਰ ਰੱਬ ਪੈਸਿਆਂ ਨਾਲ ਹੀ ਮੰਨਦਾ ਹੈ ਤਾਂ ਇਸ ਹਿਸਾਬ ਨਾਲ ਤਾਂ ਮੱਥਾ ਮੈਂ ਟੇਕਿਆ !
top of page
bottom of page
❤️❤️