ਅੱਜ 6 ਮਹੀਨੇ ਬਾਅਦ ਪਿੰਡ ਵਾਲਾ ਡੀਪੂ ਖੁੱਲਿਆ ਸੀ। ਕਰਤਾਰੋ ਨੂੰ ਬਾਹਰ ਥੈਲਾ ਚੁੱਕੀ ਜਾਂਦੀ ਬੇਬੇ ਨੇ ਕੰਧ ਉੱਤੋਂ ਦੀ ਆਵਾਜ਼ ਦੇ ਕੇ ਕਿਹਾ " ਕਰਤਾਰੋ ਅੱਜ ਡੀਪੂ ਵਾਲੇ ਕਣਕ ਦੇ ਰਹੇ ਨੇ" ਕਰਤਾਰੋ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਓਹਨੇ ਨਾਲ ਦੀ ਨਾਲ ਹੀ ਰੋਟੀ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਕਿਉਂਕਿ ਪਿਛਲੇ 4 ਦਿਨਾਂ ਤੋਂ ਉਹਨਾਂ ਨੇ ਚੰਗੀ ਤਰਾਂ ਰੋਟੀ ਨਹੀਂ ਸੀ ਖਾਦੀ। ਘਰੇ ਆਟਾ ਅੱਜ ਬਿਲਕੁਲ ਮੁੱਕ ਗਿਆ ਸੀ ਤਾਂ ਓਹਨੇ ਇੱਕ ਲੰਬਾ ਸਾਹ ਲੈ ਕੇ ਪ੍ਰਮਾਤਮਾ ਦਾ ਸ਼ੁਕਰ ਕਰਦੀ ਨੇ ਅੰਦਰੋਂ ਇਕ ਥੈਲਾ ਕੱਢ ਕੇ ਧੋ ਸਵਾਰ ਕੇ ਰੱਖ ਦਿੱਤਾ ਤੇ ਆਪਣੇ ਮੁੰਡੇ ਲਾਡੀ ਨੂੰ ਕਿਹਾ ਕਿ ਭੱਜ ਕੇ ਆਪਣੇ ਪਿਓ ਨੂੰ ਕਹਿ ਵੀ ਦਿਹਾੜੀ ਤੋਂ 15 ਮਿੰਟ ਕੱਢ ਕੇ ਆ ਜਾਵੇ ਡੀਪੂ ਤੇ ਗਰੀਬਾਂ ਲਈ ਸਰਕਾਰੀ ਕਣਕ ਆ ਗਈ ਹੈ। ਉਹ ਲੈ ਕੇ ਚੱਕੀ ਤੇ ਰੱਖ ਦੇਵੇ ਤੇ ਨਾਲ ਹੀ ਓਹਨੇ ਲਾਡੀ ਦਾ ਸਿਰ ਪਲੋਸਦੇ ਹੋਏ ਨੂੰ ਕਿਹਾ ਵੀ ਅੱਜ ਰੱਜ ਕੇ ਰੋਟੀ ਖਾਵੀਂ ਆਪਾਂ ਨੂੰ ਅੱਜ ਕਣਕ ਮਿਲ ਜਾਣੀ ਹੈ। ਖੁਸ਼ੀ-ਖੁਸ਼ੀ ਓਹਨੇ ਚੀਨੀ ਵਾਲ਼ੇ ਡੱਬੇ ਚੋ ਮੈਲੇ ਕੁਚੇਲੇ ਦੋ ਨੋਟ 10-10 ਦੇ ਤੇ ਇੱਕ 5 ਦਾ ਕੱਢ ਕੇ ਰੱਖ ਲਿਆ ਵੀ ਨਾਲ ਵੀ ਪਿਸਵਾ ਕੇ ਰੋਟੀ ਬਣਾ ਲਵਾਂਗੇ। ਜਿੰਨਾ ਚਿਰ ਲਾਡੀ ਆਪਣੇ ਪਿਓ ਨੂੰ ਬੁਲਾਉਣ ਗਿਆ ਓਹਨੇ ਚਿਰ ਨੂੰ ਕਰਤਾਰੋ ਨੇ ਅੰਦਰੋਂ ਆਪਣਾ "ਨੀਲਾ ਕਾਰਡ" ਕੱਢ ਕੇ ਮੰਜੇ ਤੇ ਰੱਖ ਦਿੱਤਾ। ਹੁਣ ਕਰਤਾਰੋ ਦਾ ਪੈਰ ਭੁੰਜੇ ਨਹੀਂ ਲੱਗ ਰਿਹਾ ਸੀ ਉਹ ਕਾਹਲੇ ਕਦਮੀ ਬਾਲਣ ਇਕੱਠਾ ਕਰਨ ਲੱਗੀ ਤੇ ਫਟਾਫਟ ਓਹਨੇ ਚੁੱਲ੍ਹਾ ਬਿਲਕੁਲ ਸਾਫ ਕਰਕੇ ਰੋਟੀ ਲਈ ਤਿਆਰ ਕਰ ਲਿਆ ਇੰਨੇ ਨੂੰ ਬਾਹਰੋਂ ਲਾਡੀ ਦਾ ਭਾਪਾ ਆ ਗਿਆ ਤੇ ਓਹਨੇ ਝੱਟ ਪੈਸੇ,ਥੈਲਾ ਤੇ ਆਪਣਾ "ਨੀਲਾ ਕਾਰਡ" ਓਹਦੇ ਹੱਥ ਫੜਾ ਦਿੱਤਾ। ਉਹ ਕਣਕ ਲੈਣ ਲਈ ਨਿਕਲ ਗਿਆ ਤੇ ਕਰਤਾਰੋ ਅੱਜ ਸੋਚ ਰਹੀ ਸੀ ਕੇ ਅੱਜ ਸਾਰੇ ਅਰਾਮ ਨਾਲ ਰੱਜ ਕੇ ਰੋਟੀ ਖਵਾਂਗੇ। ਕਰਤਾਰੋ ਦਾ ਘਰਵਾਲਾ ਥੈਲਾ ਤੇ ਆਪਣਾ ਨੀਲਾ ਕਾਰਡ ਲੈ ਕੇ ਡੀਪੂ ਵਾਲੀ ਲਾਈਨ ਵਿੱਚ ਲੱਗ ਗਿਆ। ਤਕਰੀਬਨ 1 ਘੰਟਾ ਲਾਇਨ ਵਿਚ ਖੜਨ ਤੋਂ ਬਾਅਦ ਜਿਵੇਂ ਹੀ ਉਸਨੇ ਡੀਪੂ ਵਾਲੇ ਨੂੰ ਆਪਣਾ ਕਾਰਡ ਫੜਾਇਆ ਤਾਂ ਓਹਨੇ ਵਾਪਿਸ ਕਰਦੇ ਹੋਏ ਕਿਹਾ ਮਾਫ ਕਰਨਾ ਤੁਹਾਨੂੰ ਕਣਕ ਨਹੀਂ ਮਿਲ ਸਕਦੀ ਤੁਹਾਡਾ ਕਾਰਡ ਕੱਟ ਦਿੱਤਾ ਗਿਆ ਹੈ। ਇਹ ਸੁਣ ਕੇ ਉਹ ਰੋਣ ਹਾਕਾ ਹੋ ਗਿਆ ਤੇ ਓਹਦੇ ਲੱਖ ਤਰਲੇ ਮਿਨਤਾਂ ਕਰਨ ਤੇ ਵੀ ਉਸਨੂੰ ਖਾਲੀ ਵਾਪਸ ਮੁੜਨਾ ਪਿਆ। ਕਰਤਾਰੋ ਪੂਰੇ ਇਕ ਘੰਟੇ ਤੋਂ ਗੇਟ ਤੇ ਹੀ ਖਲੋਤੀ ਸੋਚ ਰਹੀ ਸੀ ਵੀ ਚਲੋ ਅੱਜ ਸਭ ਨੂੰ ਕਣਕ ਮਿਲੀ ਹੈ ਤਾਂ ਚੱਕੀ ਤੇ ਆਟਾ ਪਿਸਵਾਉਣ ਵਿਚ ਟਾਇਮ ਲੱਗ ਗਿਆ ਹੋਊ। ਦੂਰੋਂ ਲਾਡੀ ਦਾ ਭਾਪਾ ਮੂੰਹ ਥੱਲੇ ਕਰੀ ਆ ਰਿਹਾ ਸੀ। ਜਿਵੇਂ ਹੀ ਉਸਨੇ ਕਰਤਾਰੋ ਨੂੰ ਇਹ ਸੱਭ ਦੱਸਿਆ ਤਾਂ ਓਹਦੇ ਹੱਥੋਂ ਉਹ ਦਾਲ ਵਾਲੀ ਥਾਲੀ ਵੀ ਛੁੱਟ ਕੇ ਥੱਲੇ ਡਿੱਗ ਪਈ ਜਿਨੂੰ ਸਵਾਰ ਕੇ ਉਸਨੇ ਚੁੱਲ੍ਹੇ ਤੇ ਧਰਨ ਦੀ ਤਿਆਰੀ ਕੀਤੀ ਹੋਈ ਸੀ। ਉਸਦੇ ਮਨ ਵਿੱਚ ਬਹੁਤ ਕੁਝ ਚਲ ਰਿਹਾ ਸੀ ਤੇ ਉਹ ਹੋਰ ਹੀ ਦੁਨੀਆ ਵਿਚ ਪਹੁੰਚ ਗਈ। ਸਾਹਮਣਿਉਂ ਫੋਰਡ ਟਰੈਕਟਰ ਤੇ ਗਰੀਬਾਂ ਵਾਲੀ ਕਣਕ ਨਾਲ ਪੂਰੀ ਟਰਾਲੀ ਭਰੀ ਆਉਂਦੇ ਇੱਕ ਰਿਸ਼ਟ ਪੁਸ਼ਟ ਪਰਿਵਾਰ ਦੇ ਟ੍ਰੈਕਟਰ ਤੇ ਲੱਗੇ ਗਾਣਿਆਂ ਨੇ ਉਸਨੂੰ ਵਾਪਸ ਇਸ ਦੁਨੀਆਂ ਵਿਚ ਲਿਆਂਦਾ। ਉਹ ਖੜੀ ਸੋਚ ਰਹੀ ਸੀ ਕਿ,ਕੀ ਰੱਬ ਹੈ ? ਅੱਜ ਫੇਰ ਲਾਡੀ ਨੂੰ ਕੋਈ ਲਾਰਾ ਲੈ ਕੇ ਇਕੋ ਰੋਟੀ ਨਾਲ ਸਬਰ ਕਰਨ ਲਈ ਉਹ ਕਿਵੇਂ ਕਹੇਗੀ ? #saadeaalaradio #sadealaradio #sarabjeetsingh
top of page
bottom of page
❤️
ਕਿੰਨੀ ਅਜ਼ਾਦੀ ਦੇ ਬਾਵਜੂਦ ਵੀ ਅਸੀਂ ਆਪਣੀਆਂ ਹੱਦਾਂ ਦੇ ਵਿੱਚ ਕੈਦ ਹਾਂ