top of page

ਪੰਚਾਇਤੀ ਜ਼ਮੀਨਾਂ ਤੇ ਨਾਜਾਇਜ਼ ਕਬਜ਼ੇ

ਪੰਜਾਬ ਵਿਚ 36 ਹਜ਼ਾਰ ਏਕੜ ਪੰਚਾਇਤੀ ਜ਼ਮੀਨਾਂ ’ਤੇ ਲੰਬੇ ਸਮੇਂ ਤੋਂ ਕਬਜ਼ੇ ਚੱਲੇ ਆ ਰਹੇ ਹਨ ਜਦਕਿ 2010 ਤਕ ਦੇ ਮਿਲੇ ਅੰਕੜਿਆਂ ਮੁਤਾਬਕ 50 ਹਜ਼ਾਰ ਏਕੜ ਪੰਚਾਇਤੀ ਜ਼ਮੀਨਾਂ ’ਤੇ ਕਬਜ਼ੇ ਸਨ। ਨਾਜਾਇਜ਼ ਕਬਜ਼ਿਆਂ ਵੱਲ ਪਹਿਲੀਆਂ ਸਰਕਾਰਾਂ ਨੇ ਕੋਈ ਖ਼ਾਸ ਧਿਆਨ ਨਹੀਂ ਦਿੱਤਾ ਜਿਸ ਕਰਕੇ ਲੋਕ ਸਰਕਾਰ ਨੂੰ ਚੂਨਾ ਲਗਾਉਂਦੇ ਰਹੇ ਹਨ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਮੁਹਿੰਮ ਵਿੱਢੀ ਹੈ ਜਿਸ ਦੇ ਵਧੀਆ ਨਤੀਜੇ ਸਾਹਮਣੇ ਆ ਰਹੇ ਹਨ।

ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਬਿਆਨਾਂ ਮੁਤਾਬਕ 25 ਅਪ੍ਰੈਲ ਤੋਂ ਸ਼ੁਰੂ ਕੀਤੀ ਮੁਹਿੰਮ ਅਧੀਨ 200 ਏਕੜ ਦੇ ਲਗਪਗ ਨਾਜਾਇਜ਼ ਕਬਜ਼ੇ ਛੁਡਾਏ ਗਏ ਹਨ। ਉਨ੍ਹਾਂ ਮੁਤਾਬਕ 31 ਮਈ 2022 ਤਕ 5 ਹਜ਼ਾਰ ਏਕੜ ਰਕਬੇ ’ਵਿੱਚੋਂ ਪੰਚਾਇਤੀ ਜ਼ਮੀਨਾਂ ’ਤੇ ਹੋਏ ਨਾਜਾਇਜ਼ ਕਬਜ਼ੇ ਹਟਾਉਣ ਦਾ ਟੀਚਾ ਹੈ ਤੇ ਹਰ ਮਹੀਨੇ ਟੀਚਾ ਮਿੱਥ ਕੇ ਇਹ ਕਬਜ਼ੇ ਹਟਾਉਣ ਦੀ ਮੁਹਿੰਮ ਜਾਰੀ ਰਹੇਗੀ। ਪੰਚਾਇਤੀ ਜ਼ਮੀਨਾਂ ਪੰਚਾਇਤਾਂ ਨੂੰ ਸੌਂਪੀਆਂ ਜਾਣਗੀਆਂ।

ਹੁਣ ਤਕ ਮੁਹਾਲੀ, ਜਲੰਧਰ, ਅੰਮ੍ਰਿਤਸਰ ਅਤੇ ਪਟਿਆਲਾ ਤੋਂ 100 ਏਕੜ ਤੋਂ ਵੱਧ ਨਾਜਾਇਜ਼ ਕਬਜ਼ੇ ਹਟਾਏ ਜਾ ਚੁੱਕੇ ਹਨ। ਕੁਝ ਖ਼ਾਸ ਹਟਾਏ ਗਏ ਨਾਜਾਇਜ਼ ਕਬਜ਼ਿਆਂ ’ਚ ਜਲੰਧਰ ਜ਼ਿਲੇ੍ਹ ਦੇ ਭੋਗਪੁਰ ਬਲਾਕ ਦੇ ਪਿੰਡ ਬੱਲੋਵਾਲ ’ਚ 22 ਏਕੜ ਪੰਚਾਇਤੀ ਜ਼ਮੀਨ ’ਤੇ ਸੇਵਾ ਮੁਕਤ ਡੀਸੀ ਕਮਲਜੀਤ ਸਿੰਘ ਦੇ ਪੁੱਤਰ ਦਾ 1986 ਤੋਂ ਕੀਤਾ ਕਬਜ਼ਾ ਛੁਡਾਇਆ। ਬਲਾਕ ਲੁਧਿਆਣਾ 2 ਅਧੀਨ ਗ੍ਰਾਮ ਪੰਚਾਇਤ ਭੁਪਾਣਾ ਦੀ 23 ਏਕੜ 4 ਕਨਾਲ 10 ਮਰਲੇ ਜ਼ਮੀਨ ਨੂੰ ਕਬਜ਼ਾ ਮੁਕਤ ਕਰਵਾਇਆ ਗਿਆ ਹੈ। ਇਸੇ ਤਰ੍ਹਾਂ ਪਿੰਡ ਅਭੀਪੁਰ (ਮੁਹਾਲੀ) ਜਾ ਕੇ ਖ਼ੁਦ ਪੰਚਾਇਤ ਮੰਤਰੀ ਨੇ ਕਰੋੜਾਂ ਰੁਪਏ ਦੀ ਕੀਮਤੀ 29 ਏਕੜ ਪੰਚਾਇਤੀ ਜ਼ਮੀਨ ’ਤੇ ਹੋਇਆ ਨਾਜਾਇਜ਼ ਕਬਜ਼ਾ ਛੁਡਾਇਆ ਜਿਸ ’ਤੇ ਬਿਕਰਮ ਸਿੰਘ ਨਾਂ ਦੇ ਵਿਅਕਤੀ ਨੇ 2007 ਤੋਂ ਕਬਜ਼ਾ ਕੀਤਾ ਹੋਇਆ ਸੀ।

ਭਾਜਪਾ ਤੋਂ ਦਿੱਲੀ ਦੇ ਸੰਸਦ ਮੈਂਬਰ ਤੇ ਉੱਘੇ ਗਾਇਕ ਹੰਸ ਰਾਜ ਹੰਸ ਦੇ ਪੁੱਤਰਾਂ ਵੱਲੋਂ ਪਿੰਡ ਦੀ 20 ਏਕੜ ਪੰਚਾਇਤੀ ਜ਼ਮੀਨ ’ਤੇ ਕਬਜ਼ਾ ਕੀਤਾ ਹੋਇਆ ਹੈ ਜਿਸ ਨੂੰ ਛੁਡਵਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਪਟਿਆਲਾ ਜ਼ਿਲ੍ਹੇ ਦੇ ਪਿੰਡ ਨੈਣ ਖੁਰਦ ਦੀ 43 ਏਕੜ ਅਤੇ ਹੁਲਕਾ ਪਿੰਡ ਦੀ 14 ਏਕੜ ਜ਼ਮੀਨ ਸਰਕਾਰ ਕੋਲ ਵਾਪਸ ਆਉਣਾ ਚੰਗਾ ਉਪਰਾਲਾ ਹੈ। ਪੰਜਾਬ ਸਰਕਾਰ ਵੱਲੋਂ ਛੁਡਵਾਈਆਂ ਜਾ ਰਹੀਆਂ ਪੰਚਾਇਤੀ ਜ਼ਮੀਨਾਂ ਵਿੱਚੋਂ ਖੇਤੀਬਾੜੀ ਵਾਲੀਆਂ ਜ਼ਮੀਨਾਂ ਨੂੰ ਮੁੜ ਵਾਹੀ ਲਈ ਦਿੱਤਾ ਜਾਵੇਗਾ ਜਦਕਿ ਵਪਾਰਕ ਜ਼ਮੀਨਾਂ ਨੂੰ ਵਪਾਰਕ ਵਰਤੋਂ ਦੇ ਨਾਲ-ਨਾਲ ਮਾਰਕੀਟਾਂ ਬਣਾ ਕੇ ਦਿੱਤੀਆਂ ਜਾਣਗੀਆਂ।


ਜੋ ਜ਼ਮੀਨਾਂ ਵੇਚੀਆਂ ਜਾ ਸਕਦੀਆਂ ਹੋਣਗੀਆਂ ਉਨ੍ਹਾਂ ਨੂੰ ਵੇਚ ਕੇ ਸਰਕਾਰੀ ਖ਼ਜ਼ਾਨੇ ਨੂੰ ਮਜ਼ਬੂਤ ਕੀਤਾ ਜਾਵੇਗਾ। ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਥੋੜ੍ਹੀ ਹੈ।

bottom of page