ਗੁਰੂਦਵਾਰਾ ਸਾਹਿਬ ਵਿੱਚ ਕਿਸੇ ਵੱਡੇ ਰਾਜਨੀਤਕ ਲੀਡਰ ਨੇ ਆਉਣਾ ਸੀ। ਤਿਆਰੀਆਂ ਚਲ ਰਹੀਆਂ ਸਨ। ਭਾਈ ਜੀ ਦੀ ਬੇਨਤੀ ਸੁਣ ਕੇ ਪਿੰਡ ਦੇ ਲੋਕ ਹੁੰਮ-ਹੁੰਮਾ ਕੇ ਲੀਡਰ ਦੇ ਵਿਚਾਰ ਸੁਣਨ ਪਹੁੰਚੇ। ਮੈਂ ਵੀ ਓਸੇ ਭੀੜ ਦੇ ਵਿਚ ਵਿਚਾਲੇ ਜਿਹੇ ਬੈਠਾ ਦੇਖ ਰਿਹਾ ਸੀ। ਨਵੀਂ ਉਮਰ ਦਾ ਹੋਣ ਕਰਕੇ ਮੈਨੂੰ ਪੂਰਾ ਚਾਅ ਸੀ ਕਿ ਮੈਂ ਵੀ ਓਹਨੂੰ ਨੇੜਿਓਂ ਵੇਖਾਂ ਤਾਂ ਭੀੜ ਵਿਚੋਂ ਦੀ ਲੰਘਦਾ ਹੋਇਆ ਅੱਗੇ ਜਿਹੇ ਨੂੰ ਆ ਕੇ ਖੜ ਗਿਆ। ਇੰਨੇ ਨੂੰ ਨੇਤਾ ਜੀ ਗੁਰੂਦਵਾਰਾ ਸਾਹਿਬ ਪਹੁੰਚ ਗਏ। ਜੈਕਾਰਿਆਂ ਨਾਲ ਸਵਾਗਤ ਹੋਇਆ ਤਾਂ ਜੋਸ਼ ਭਰ ਉੱਠਿਆ। ਸਾਰੇ ਉਸ ਚਿੱਟਾ ਕੁੜਤਾ ਪਜਾਮਾ ਪਾਈ ਪੁਲਿਸ ਵਾਲਿਆਂ ਦੇ ਵਿਚਕਾਰ ਘਿਰੇ ਲੀਡਰ ਵੱਲ ਦੇਖ ਰਹੇ ਸੀ। ਜੈਕਾਰਿਆਂ ਦੀ ਗੂੰਜ ਵਿਚ ਸਾਹਿਬ ਸਟੇਜ ਤੇ ਆ ਚੜੇ। ਫਤਿਹ ਨਾਲ ਆਪਣੀ ਸਪੀਚ ਸ਼ੁਰੂ ਕੀਤੀ ਤਾਂ ਸਭ ਤੋਂ ਪਹਿਲਾਂ ਸਾਡੇ ਪਿੰਡ ਨਾਲ ਆਪਣਾ ਰਿਸ਼ਤਾ ਦੱਸਿਆ ਜੋ ਮੈਨੂੰ ਸਮਝ ਨਹੀਂ ਆਇਆ ਪਰ ਹਾਂ ਕੁਝ ਕਾਫੀ ਲੰਬੀ ਚੌੜੀ ਰਿਸ਼ਤੇਦਾਰੀ ਗਿਣਾਈ। ਆਵਾਜ਼ ਵਿਚ ਕਾਫੀ ਰੋਹਬ ਸੀ ਤਾਂ ਮੈਂ ਮਨ ਗਿਆ ਕੇ ਮੈਂ ਤਾਂ ਐਤਕੀ ਇਹਨਾਂ ਨੂੰ ਹੀ ਵੋਟ ਪਾਉਂ। ਉਹਨਾਂ ਨੇ ਕਾਫੀ ਵਾਅਦੇ ਸਾਡੇ ਪਿੰਡ ਨੂੰ ਸਹੂਲਤਾਂ ਦੇਣ ਦੇ ਕੀਤੇ ਤੇ ਜੋ-ਜੋ ਕੁੱਝ ਸਾਡੇ ਪਿੰਡ ਨੂੰ ਸਹੂਲਤਾਂ ਦੀ ਲੋੜ ਸੀ ਉਹਨਾਂ ਨੇ ਉਹ ਸਭ ਦੇਣ ਦੇ ਵੱਡੇ-ਵੱਡੇ ਵਾਅਦੇ ਕਰ ਦਿੱਤੇ। ਮੈਂ ਤਾਂ ਜੀ ਪੂਰੇ ਤਰੀਕੇ ਨਾਲ ਮਨ ਗਿਆ ਵੀ ਜੇਕਰ ਐਤਕੀ ਪ੍ਰਧਾਨ ਸਾਹਿਬ ਜਿੱਤ ਗਏ ਤਾਂ ਸਾਡੇ ਪਿੰਡ ਦੀਆਂ ਤਾਂ ਸਭ ਦਿੱਕਤਾਂ ਹੀ ਖਤਮ ਹੋ ਜਾਣਗੀਆਂ। ਉਹਨਾਂ ਨੇ 15 ਕੁ ਮਿੰਟਾਂ 'ਚ ਆਪਣੀ ਰਿਸ਼ਤੇਦਾਰੀ ਤੋਂ ਸ਼ੁਰੂ ਕਰ ਆਪਣੇ ਵਾਅਦੇ ਵੀ ਮੁਕਾ ਦਿੱਤੇ। ਜੈਕਾਰਿਆਂ ਦੀ ਗੂੰਜ ਵਿਚ ਉਹ ਸਟੇਜ ਤੋਂ ਉਤਰ ਕੇ ਆਪਣੀ ਗੱਡੀ ਵੱਲ ਵਧੇ ਤਾਂ ਮੈਂ ਵੀ ਭੱਜ ਕੇ ਮਗਰ ਹੋ ਤੁਰਿਆ। ਗੱਡੀ ਵਿਚ ਬੈਠਣ ਤੋਂ ਪਹਿਲਾਂ ਉਹਨਾਂ ਨੂੰ ਸਾਡੇ ਪਿੰਡ ਦੀ ਹੀ ਇੱਕ ਗਰੀਬਣੀ ਤਾਰੋ ਨੇ ਹੱਥ ਜੋੜ ਬੇਨਤੀ ਕੀਤੀ ਕੇ ਉਹ ਕਿੰਨੀ ਵਾਰ ਤੁਹਾਡੇ ਦਫਤਰ ਜਾ ਆਈ ਹੈ ਓਹਦੀ ਮੁਸ਼ਕਿਲ ਹੱਲ ਕਿਉਂ ਨਹੀਂ ਹੋਈ ਨੇਤਾ ਜੀ ਨੇ ਓਹਨੂੰ ਹੌਂਸਲਾ ਦਿੱਤਾ ਕਿ ਜਲਦ ਹੀ ਓਹਦਾ ਕੰਮ ਹੋ ਜਾਵੇਗਾ। ਇਹ ਕਹਿ ਕੇ ਉਹ ਆਪਣੀ ਕਾਰ ਵਿਚ ਸਵਾਰ ਹੋ ਗਏ ਤੇ ਉਹਨਾਂ ਕਾਰ ਦਾ ਸ਼ੀਸ਼ਾ ਥੱਲੇ ਕਰਕੇ ਪਤਾ ਨਹੀਂ ਕੀ ਹੀ ਆਪਣੇ "PA" ਨੂੰ ਕਿਹਾ ਕੇ ਉਹ ਗੱਡੀ ਤੁਰਨ ਤੋਂ ਪਹਿਲਾਂ ਹੀ ਪੁਲਿਸ ਵਾਲਿਆਂ ਤੇ ਘੂਰੀ ਵੱਟ ਕੇ ਟੁੱਟ ਪਿਆ। ਓਹਨੇ ਉਹਨਾਂ ਤੇ ਰੋਹਬ ਮਾਰਕੇ ਕਿਹਾ ਕੇ ਤੁਹਾਡੀ ਕੀ ਜਿੰਮੇਵਾਰੀ ਹੈ ਉਹ ਬੁੱਢੀ ਪ੍ਰਧਾਨ ਜੀ ਕੋਲ ਪਹੁੰਚ ਕਿਦਾਂ ਗਈ ਓਹਨੇ ਇੰਨੀ ਜਿਹੀ ਗੱਲ ਤੇ ਉਸ ਮੋਢਿਆਂ ਤੇ ਸਿਤਾਰੇ ਲੱਗੇ ਪੁਲਿਸ ਵਾਲੇ ਦੀ ਮਾਂ-ਭੈਣ ਇੱਕ ਕਰ ਦਿੱਤੀ। ਮੈਂ ਦੂਰੋਂ ਖੜਾ ਇਹ ਸਭ ਦੇਖ ਰਿਹਾ ਸੀ ਕਿ ਉਸ ਗਰੀਬ ਨੇ ਅਜਿਹਾ ਕੀ ਹੀ ਕਹਿ ਦਿੱਤਾ ਕੇ ਉਹਨਾਂ ਉਸ ਨੂੰ ਪੁਲਿਸ ਵਾਲ਼ੇ ਤੋਂ ਕੁਟਵਾ ਦਿੱਤਾ। ਪੁਲਿਸ ਵਾਲਾ ਗਾਲਾਂ ਸੁਣ ਕੇ ਗੁੱਸੇ ਨਾਲ ਭਰਿਆ ਪੀਤਾ ਉਸ ਵਿਚਾਰੀ ਨੂੰ ਧੱਕੇ ਮਾਰਦਾ ਹੋਇਆ ਪਾਸੇ ਸੁੱਟ ਆਇਆ। ਗੁਰੂਦਵਾਰਾ ਸਾਹਿਬ ਤੋਂ ਘਰ ਜਾਂਦੇ-ਜਾਂਦੇ ਮੈਂ ਸੋਚ ਰਿਹਾ ਸੀ ਕੇ ਉਹ ਬੰਦਾ ਜਿਹੜਾ ਸਟੇਜ ਤੇ ਲੋਕਾਂ ਨਾਲ ਖੜਨ ਦੇ ਵਾਅਦੇ ਕਰ ਰਿਹਾ ਸੀ, ਉਸਨੇ ਸਿਰਫ ਉਸ ਨੂੰ ਬੇਨਤੀ ਕਰਦੀ ਇੱਕ ਔਰਤ ਨੂੰ ਪੁਲਿਸ ਵਾਲਿਆਂ ਕੋਲੋਂ ਕੁੱਟਵਾ ਦਿੱਤਾ। ਇਹ ਗੱਲ ਮੈਂ ਪਿੰਡ ਦੀ ਸੱਥ ਵਿਚ ਬੈਠੇ ਨਿਮੇ ਤਾਏ ਨੂੰ ਦਸੀ ਤਾਂ ਉਹ ਤਾੜੀ ਮਾਰ ਕੇ ਹੱਸ ਪਿਆ ਤੇ ਕਹਿੰਦਾ ਕਿ ਜੇਕਰ ਇਹ ਨੇਤਾ ਲੋਕ ਜੋ ਕਹਿੰਦੇ ਹਨ ਉਹ ਕਰ ਦਿੰਦੇ ਤਾਂ ਅੱਜ 70 ਸਾਲਾਂ ਬਾਅਦ ਉਹਨਾਂ ਕੋਲ ਭਾਸ਼ਣ ਵਿਚ ਵਾਅਦਾ ਕਰਨ ਨੂੰ ਕੁਝ ਬਚਦਾ ਹੀ ਨਾ ,ਤੂੰ ਐਵੈਂ ਟੇਂਸ਼ਨ ਨਾ ਲੈ ਇਹਨਾਂ ਦਾ ਤਾਂ ਕੰਮ ਹੀ ਆਹੀ ਹੈ, ਮੈਨੂੰ ਇੰਨਾ ਜਵਾਬ ਦੇ ਉਹ ਫਿਰ ਤੋਂ ਆਪਣੀ ਤਾਸ਼ ਵੰਡਣ ਲੱਗ ਪਿਆ ਤੇ ਮੈਨੂੰ ਘਰ ਜਾਣ ਲਈ ਕਿਹਾ। ਮੈਂ ਉਲਝਣ ਵਿੱਚ ਸੀ ਕਿ ਨੇਤਾ ਜੀ ਨੇ ਉਸ "PA" ਨੂੰ ਕੀ ਕਿਹਾ ਹੋਊ?
top of page
bottom of page
Comments