top of page

ਮਾਂ ਬੋਲੀ ਪੰਜਾਬੀ


punjab, saade aala radio, blogs, punjabi langauge
Mothertongue Punjabi

ਜੇ ਅੱਜ ਪੰਜਾਬੀ ਜ਼ਿੰਦਾ ਹੈ ਤਾਂ ਸਿੱਖਾਂ ਕਰਕੇ ਹੀ ਹੈ, ਗੁਰੂ ਗ੍ਰੰਥ ਸਾਹਿਬ ਕਰਕੇ ਹੀ ਹੈ, ਨਹੀਂ ਤਾਂ ਪੰਜਾਬ ‘ਚ ਵਸਦੇ ਹੋਰ ਲੋਕ, ਪੰਜਾਬੀ ਛੱਡਕੇ ਹਿੰਦੀ ਜਾਂ ਹੋਰ ਭਾਸ਼ਾਵਾਂ ਹੀ ਬੋਲਣ ਲੱਗ ਪਏ ਹਨ। ਹੋਰਨਾਂ ਭਾਸ਼ਾਵਾਂ ਦਾ ਗਿਆਨ ਹੋਣਾਂ ਬਹੁਤ ਵਧੀਆ ਗਲ ਹੈ, ਜਿੰਨੀਆਂ ਹੋ ਸਕਣ ਸਿੱਖਣੀਆਂ ਚਾਹੀਦੀਆਂ ਹਨ, ਪਰ ਪੰਜਾਬੀ ਨੂੰ ਪਰ੍ਹਾਂ ਕਰਕੇ ਨਹੀਂ।

ਪਰ ਜੇ ਅਣਹੋਣੀ ਦੀ ਗੱਲ ਕਰੀਏ ਤਾਂ ਅੱਜ ਸਿੱਖ ਅਖਵਾਉਣ ਵਾਲੇ ਵੀ “ਪੰਜਾਬੀ” ਛੱਡੀ ਜਾ ਰਹੇ ਹਨ। ਪੰਜਾਬ ਦੀ ਹਾਲਤ ਦੇਖੀਏ ਤਾਂ ਸਕੂਲਾਂ ਕਾਲਜਾਂ, ਬੈਂਕਾਂ, ਬਾਜ਼ਾਰਾਂ ‘ਚ ਹਿੰਦੀ ਦੀ ਵਰਤੋਂ ਆਮ ਹੋ ਚੁਕੀ ਹੈ। ਪੰਜਾਬੀ ਬੋਲਣੀ ਪਛੜਾਪਨ ਸਮਝਿਆ ਜਾਣ ਲੱਗ ਪਿਆ ਹੈ, ਇਸ ਵਿੱਚ ਕਸੂਰ ਸਾਡਾ ਵੀ ਹੈ, ਕਿਉਂਕਿ ਪੰਜਾਬੀ ਬੋਲਣ ਲੱਗਿਆਂ ਮਾਂ ਭੈਣ ਦੀਆਂ ਗਾਲ਼ਾਂ ਕੱਢਣੀਆਂ ਆਮ ਹੀ ਦੇਖਿਆ ਜਾ ਸਕਦਾ ਹੈ, ਜੇ ਕੋਈ ਪੰਜਾਬੀ ਗਾਲ਼ ਨਾ ਕੱਢੇ, ਉਸ ਨੂੰ ਹੋਰ ਹੀ ਤਰ੍ਹਾਂ ਦੇਖਿਆ ਜਾਂਦਾ ਹੈ। ਅੰਗ੍ਰਜ਼ੀ ਜਾਂ ਹਿੰਦੀ ਬੋਲਣਾ “ਹਾਈ ਫਾਈ” Hi Fi ਸਮਝਿਆ ਜਾਂਦਾ ਹੈ। ਦਿੱਲੀ, ਕਾਨਪੁਰ, ਹੋਰ ਰਾਜਾਂ ਦੇ ਸ਼ਹਿਰਾਂ ਆਦਿ ਦੇ ਇਲਾਕਿਆਂ ਦੇ ਸਿੱਖ ਵੀ ਹਿੰਦੀ ਦੀ ਵਰਤੋਂ ਜ਼ਿਆਦਾ ਕਰਦੇ ਹਨ। ਹਿੰਦੀ ਫਿਲਮਾਂ ‘ਚ ਪੰਜਾਬੀ ਦਾ ਹਿੰਦੀਪੁਣਾ ਕਰਕੇ, ਪੰਜਾਬੀ ਦੀ ਰੂਪਰੇਖਾ ਹੀ ਖਰਾਬ ਕੀਤੀ ਜਾ ਰਹੀ ਹੈ

ਜੇ ਬਾਹਰਲੇ ਦੇਸ਼ਾਂ ਜਿਸ ਤਰ੍ਹਾਂ ਅਮਰੀਕਾ, ਕੈਨੇਡਾ, ਇੰਗਲੈਂਡ, ਨਿਊਜ਼ੀਲੈਂਡ, ਆਸਟ੍ਰੇਲੀਆ ਆਦਿ ਦੀ ਗੱਲ ਕਰੀਏ ਤਾਂ ਬਜ਼ੁਰਗ, 1960-70 ‘ਚ ਜੰਮੇ ਲੋਕ ਤਾਂ ਪੰਜਾਬੀ ਬੋਲਣੀ, ਲਿਖਣੀ, ਪੜ੍ਹਨੀ ਜਾਣਦੇ ਹਨ, ਪਰ ਉਨ੍ਹਾਂ ਤੋਂ ਅਗਲੀ ਨੌਜਵਾਨ ਪੀੜ੍ਹੀ ਬੋਲਣੀ ਤਾਂ ਭਾਂਵੇਂ ਜਾਣਦੀ ਹੈ, ਪਰ ਪੜ੍ਹਨੀ-ਲਿਖਣੀ ਸ਼ਾਇਦ ਹੀ ਜਾਣਦੇ ਹੋਣ। ਤੇ ਉਸ ਤੋਂ ਅਗਲੀ ਪੀੜ੍ਹੀ ਦਾ ਅੰਦਾਜ਼ਾ ਆਪ ਹੀ ਲਗਾ ਸਕਦੇ ਹੋ। ਇਸ ਤਰ੍ਹਾਂ ਤਿਨਾਂ ਪੀੜ੍ਹੀਆਂ ‘ਚ ਪੰਜਾਬੀ ਖ਼ਤਮ ਹੋਣ ਦੇ ਕਿਨਾਰੇ ਹੈ। ਇਸ ਵਿੱਚ ਕਸੂਰ ਪੰਜਾਬੀ ਬੋਲਣ ਵਾਲਿਆਂ ਦਾ ਹੀ ਹੈ। ਆਪਣੇ ਘਰ, ਆਪਸ ਵਿੱਚ, ਗੁਰਦੁਆਰਿਆਂ ‘ਚ ਪੰਜਾਬੀ ਬਹੁਤ ਘੱਟ ਬੋਲੀ ਜਾਂਦੀ ਹੈ… ਬਹਾਨਾ ਲਾਇਆ ਜਾਂਦਾ ਹੈ “ਜੀ ਬੱਚਿਆਂ ਨੂੰ ਸਮਝ ਨਹੀਂ ਆਉਂਦੀ”…ਪੰਜਾਬੀ ਦੀਆਂ ਕਲਾਸਾਂ ਦਾ ਹਾਲ ਇਹ ਹੈ ਕਿ ਉਥੇ ਪੜਾਉਣ ਵਾਲੇ ਟੀਚਰ ਗੱਲ ਅੰਗ੍ਰੇਜ਼ੀ ‘ਚ ਕਰਦੇ ਹਨ, ਪੜਾਉਂਦੇ “ਪੰਜਾਬੀ” ਹਨ। ਬੱਚੇ ਵੀ ੳ ਨੂੰ “ਉਰਾ”, ੲਨੂੰ “ਈਰੀ”, ੜ ਨੂੰ “ਰਾਰਾ” ਹੀ ਕਹਿੰਦੇ ਹਨ, ਕਿਉਂਕਿ ਉਨ੍ਹਾਂ ਨਾਲ ਘਰੇ ਕੋਈ ਪੰਜਾਬੀ ਨਹੀਂ ਬੋਲਦਾ। ਅੰਗ੍ਰੇਜ਼ੀ ਦੇ ਬੋਝ ਥੱਲੇ ਪੰਜਾਬੀ ਦਾ ਅੜਾਟ ਨਿਕਲ ਰਿਹਾ ਹੈ। ਤੇ ਕਸੂਰਵਾਰ ਕੌਣ? ਆਰ.ਐਸ.ਐਸ??? ਨਹੀਂ, ਅਸੀਂ ਆਪ ਹਾਂ… ਜੇ ਪੰਜਾਬੀ, ਸਿੱਖਾਂ ਨੇ ਨਹੀਂ ਬੋਲਣੀ ਤਾਂ ਕੀ ਚੀਨੀਆਂ, ਕਾਲ਼ਿਆਂ ਨੇ ਬੋਲਣੀ ਹੈ?

ਬਾਹਰਲੇ ਦੇਸ਼ਾਂ ‘ਚ ਜਿਹੜੇ ਸਿੱਖ ਬੱਚੇ ਸਿੱਖੀ ਸਰੂਪ ‘ਚ ਹਨ, ਦੁਮਾਲੇ ਵੀ ਭਾਂਵੇਂ ਬੰਨਦੇ ਹੋਣ, ਪਰ ਬੋਲਦੇ ਉਹ ਅੰਗ੍ਰੇਜ਼ੀ ਹੀ ਹਨ, ਸਾਰੇ ਨਹੀਂ, ਪਰ ਬਹੁਤਾਤ ਗੁਰਮਤਿ ਪੱਖੋਂ ਕੋਰੇ ਹੀ ਹਨ, ਕਿਉਂਕਿ ਉਨ੍ਹਾਂ ਨੇ ਆਪ ਸ਼ਾਇਦ ਹੀ ਗੁਰਬਾਣੀ ਪੜ੍ਹੀ ਹੋਵੇ।

ਜਦੋਂ ਤੱਕ ਮਾਂ ਪਿਓ ਘਰ ਵਿੱਚ, ਆਪਸੀ ਬੋਲਚਾਲ ਵਿੱਚ ਪੰਜਾਬੀ ਦੀ ਵਰਤੋਂ ਨਹੀਂ ਕਰਦੇ, ਅਗਲੀ ਪੀੜ੍ਹੀ ਤੱਕ “ਪੰਜਾਬੀ” ਦਾ ਭੋਗ ਪਿਆ ਸਮਝੋ, ਤੇ ਉਸਦੇ ਜ਼ਿੰਮੇਵਾਰ ਅਸੀਂ ਹੋਵਾਂਗੇ। ਜੇ “ਪੰਜਾਬੀ” ਨਾ ਆਈ ਤਾਂ ਸਮਝੋ ਗੁਰਬਾਣੀ ਨਾਲੋਂ ਵੀ ਨਾਤਾ ਟੁੱਟਿਆ ਸਮਝੋ, ਤੇ ਗੁਰਬਾਣੀ ਨਾਲੋਂ ਨਾਤਾ ਟੁੱਟਦਿਆਂ ਭਾਂਵੇਂ ਬਾਹਰਲਾ ਸਰੂਪ ਸ਼ਾਇਦ ਮਾੜ੍ਹਾ ਮੋਟਾ ਬੱਚ ਜਾਵੇ, ਪਰ ਗੁਰਮਤਿ ਸਿਧਾਂਤ ਨਹੀਂ ਬਚਣ ਲੱਗੇ।

ਜੋ ਸਾਡੇ ਬਜ਼ੁਰਗਾਂ ਅਤੇ ਬੱਚਿਆਂ ‘ਚ ਪਾੜਾ (Generation Gap) ਵੱਧ ਰਿਹਾ ਹੈ, ਇਸਦਾ ਮੁੱਖ ਕਾਰਣ ਵੀ ਪੰਜਾਬੀ ਨਾ ਆਉਣੀ ਹੀ ਹੈ। ਬਜ਼ੁਰਗਾਂ ਨੂੰ ਅੰਗ੍ਰਜ਼ੀ ਨਹੀਂ ਆਉਂਦੀ ਜਾਂ ਨਾਮਾਤਰ ਹੀ ਆਉਂਦੀ ਹੈ, ਤੇ ਬੱਚਿਆਂ ਨੂੰ ਪੰਜਾਬੀ ਨਹੀਂ ਆਉਂਦੀ, ਜਾਂ ਨਾਮਾਤਰ ਹੀ ਆਉਂਦੀ ਹੈ। ਇਸ ਨਾਲ ਦੋ ਪੀੜ੍ਹੀਆਂ ਦਾ ਪਾੜਾ ਵੱਧ ਰਿਹਾ ਹੈ, ਜੋ ਕਿ ਸਾਡੇ ਪਰਿਵਾਰਿਕ ਰਿਸ਼ਤਿਆਂ ਲਈ ਖ਼ਤਰਨਾਕ ਸਾਬਿਤ ਹੋ ਰਿਹਾ ਹੈ।

ਇੱਕ ਨਿਯਮ ਬਣਾ ਲਵੋ, ਕਿ ਘਰ ਵਿੱਚ ਆਪਸ ਵਿੱਚ ਸਾਰੇ “ਪੰਜਾਬੀ” ਵਿੱਚ ਹੀ ਗਲ ਕਰਿਆ ਕਰਣਗੇ, ਕਿਸੇ ਦਸਤਾਰ ਵਾਲੇ ਨਾਲ ਪੰਜਾਬੀ ‘ਚ ਹੀ ਗਲ ਹੋਵੇਗੀ, ਤਾਂ ਇਸ ਮੁਸ਼ਕਿਲ ਕਦੇ ਨਹੀਂ ਆਵੇਗੀ, ਕਿ ਸਾਨੂੰ ਪੰਜਾਬੀ ਸਮਝ ਨਹੀਂ ਆਉਂਦੀ। ਸੋ ਸਿੱਖੋ, ਜੇ ਸਿੱਖੀ ਬਚਾਉਣੀ ਹੈ, ਤਾਂ ਆਪ, ਆਪਣੇ ਬੱਚੇ ਤੇ ਹੋਰਾਂ ਨੂੰ ਪੰਜਾਬੀ ਬੋਲਣੀ, ਲਿਖਣੀ, ਪੜ੍ਹਨੀ ਤੇ ਸਮਝਣੀ ਸਿਖੋ ਅਤੇ ਸਿਖਾਓ।

ਪੰਜਾਬੀ ਪੜੋ ਪੜਾਉ, ਪੰਜਾਬੀ ਸੁਣੋ ਸੁਣਾਊ, ਪੰਜਾਬੀ ਲਿਖੋ ਲਿਖਾਉ,

ਕਹਿੰਦੇ ਦੁਨੀਆ ਦਾ ਇੱਕ ਕੋਨਾ ਅਜਿਹਾ ਵੀ ਹੈ ਜਿੱਥੇ ਕਿਸੇ ਨੂੰ ਗਾਲ ਕੱਢਣੀ ਹੋਵੇ ਤਾਂ ਕਹਿੰਦੇ ਨੇ ਜਾ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਏ, ਇਸ ਤੋਂ ਜਾਹਰ ਹੈ ਕਿ ਮਨੁੱਖ ਲਈ ਉਸਦੀ ਮਾਂ ਬੋਲੀ ਦੀ ਕਿੰਨੀ ਵਿਸ਼ੇਸ਼ਤਾ ਹੈ। ਅਸਲ ਤਾਂ ਹਰ ਇੱਕ ਬੋਲੀ (ਭਾਸ਼ਾ) ਹੀ ਆਪਣੀ ਥਾਂ ਤੇ ਖਾਸ ਅਤੇ ਪਿਆਰੀ ਹੁੰਦੀ ਹੈ, ਪੰਜਾਬ ਵਿੱਚ ਜਨਮ ਹੋਣ ਕਰਕੇ ਇਸ ਅਮੀਰ ਪੰਜਾਬੀ ਬੋਲੀ ਨਾਲ ਮਾਂ ਵਰਗਾ ਰਿਸ਼ਤਾ ਬਣ ਗਿਆ ਜੋ ਕਿ ਮਾਣ ਵਾਲੀ ਹੀ ਗੱਲ ਹੈ। ਦੋ ਦੇਸ਼ਾਂ ਦੀ ਅੱਜ ਵੀ ਸਾਂਝ ਹੈ ਇਹ ਪੰਜਾਬੀ ਬੋਲੀ ਅਤੇ ਸਦਾ ਰਹੇਗੀ ਵੀ ਜੇਕਰ ਇਸ ਨਾਲ ਅੱਗੇ ਹੋਰ ਧ੍ਰੋਹ ਨਾ ਕੀਤਾ ਗਿਆ, ਸੁੱਖ-ਦੁੱਖ ਹਰ ਰੰਗ ਰੂਪ ਅਤੇ ਪੰਜਾਬ ਦੇ ਅਮੀਰ ਵਿਰਸੇ ਨੂੰ ਬਿਆਨ ਕਰਦੀ ਮਾਂ ਬੋਲੀ ਪੰਜਾਬੀ, ਫਾਰਸੀ-ਤੁਰਕੀ-ਹਿੰਦੀ-ਉਰਦੂ-ਅਰਬੀ ਦਾ ਸੁਮੇਲ ਹੋਣ ਕਰਕੇ ਸ਼ਹਿਦ ਤੋਂ ਵੀ ਮਿੱਠੀ ਹੈ ਇਹ ਬੋਲੀ ਪੰਜਾਬੀ…!!!

ਅਗਰ ਅਸੀਂ ਆਪਣੀ ਬਣਦੀ ਜਿੰਮੇਵਾਰੀ ਨਹੀ ਨਿਭਾਈ ਤਾਂ ਪੰਜਾਬੀ ਮਾਂ ਬੋਲੀ ਨੂੰ ਕਤਲ ਕਰਨ ਦੇ ਜਿੰਮੇਵਾਰ ਵੀ ਅਸੀਂ ਖੁਦ ਹੀ ਹੋਵਾਂਗੇ ਹੋਰ ਦੂਸਰਾ ਕੋਈ ਨਹੀ,

ਪੰਜ ਦਰਿਆਵਾਂ ਦੇ ਪਾਣੀ ਦੀ ਮਹਿਕ ਪੰਜਾਬੀ ਹੈ ਬੋਲੀ ਇਉਂ ਲੱਗਦਾ ਪੰਜਾਬ ਤੇ ਰੱਬ ਨੇ ਸ਼ਹਿਦ ਜਿਉਂ ਹੈ ਡੋਲ੍ਹੀ ਮਾਂ ਬੋਲੀ ਦਾ ਕਰੋ ਨਾਂ ਉੱਚਾ, ਮਾਂ ਬੋਲੀ ਸਦਾ ਆਸ ਕਰੇ ਹੱਸਦੇ ਵਸਦੇ ਰਹੋ ਪੰਜਾਬੀਓ, ਮਾਂ ਬੋਲੀ ਦੀ ਅਰਦਾਸ ਕਰੇ

ਭਾਸ਼ਾਵਾਂ ਭਾਵੇਂ ਸਾਰੀਆਂ ਸਿੱਖ ਲਉ ਪਰ ਆਪਦੇ ਫਿਰਕੇ, ਇਲਾਕੇ ਦੇ ਲੋਕਾਂ ਚ ਜਦੋਂ ਬੰਦਾ ਵਿਚਰਦਾ ਓਦੋਂ ਤਾਂ ਆਪਣੀ ਦੀ ਬੋਲੀ ਨੂੰ ਜਿੰਦਾ ਰੱਖੇ। ਨਾਲ਼ੇ ਪੰਜਾਬੀ ਤਾਂ ਇਕ ਬਹੁਤ ਹੀ ਕੜਕ, ਜਾਂਬਾਜ਼, ਸੰਗੀਤਕ, ਕਾਵਿਆ ਰਚਨਾ ਪ੍ਰਧਾਨ ਭਾਸ਼ਾ ਹੈ। ਇਸਨੂੰ ਘੱਟ ਤੋਂ ਘੱਟ ਆਪਣੇ ਲੋਕਾਂ ਵਿੱਚ ਨਾ ਫਿੱਕੀ ਪੈਣ ਦਿਉ।

bottom of page