ਸੇਠ ਜੀ ਦਾ ਭੋਜਨ
ਮੈਂ ਲੰਘਦਾ ਵੜ ਦਾ ਅਕਸਰ ਅਮਨ ਕੋਲ ਓਹਦੀਆਂ ਗੱਲਾਂ ਸੁਣਨ ਲਈ ਖੜ ਜਾਂਦਾ ਹੁੰਦਾ ਹਾਂ। ਉਹ ਗੱਲਾਂ ਇੰਨੇ ਸਟਾਈਲ ਨਾਲ ਸੁਣਾਉਂਦਾ ਹੈ ਕਿ ਗੱਲ ਸੁਣ ਕੇ ਹਾਸਾ ਵੀ ਆਉਂਦਾ ਹੈ ਤੇ ਕੁਝ ਨਾ ਕੁਝ ਸਿੱਖਣ ਨੂੰ ਵੀ ਜਰੂਰ ਮਿਲਦਾ ਹੈ। ਭਾਵੇਂ ਓਹਦੀ ਉਮਰ ਮੇਰੇ ਨਾਲੋਂ ਕਾਫੀ ਵੱਡੀ ਸੀ ਪਰ ਓਹਦੇ ਕਹਿਣ ਤੇ ਹੀ ਮੈਂ ਉਹਨੂੰ ਅਮਨ ਕਹਿ ਕੇ ਹੀ ਬੁਲਾਉਂਦਾ ਸੀ। ਮੈਂ ਇਦਾਂ ਹੀ ਓਹਨੂੰ ਛੇੜਨ ਲਈ ਮਜਾਕ 'ਚ ਕਿਹਾ ਕਿ ਹੋਰ ਫੇਰ ਕੀ ਬਣਦਾ ਹੈ ਗਏ ਨਹੀਂ ਅੱਜ ਕੰਮ ਤੇ ? ਓਹਨੇ ਨਾ ਕਹਿੰਦੇ ਹੋਏ ਕਿਹਾ ਕੇ ਮੈਂ ਲੋੜ ਜਿੰਨਾ ਹੀ ਕੰਮ ਕਰਦਾਂ। ਮੈਂ ਕਿਹਾ ਵੀ ਯਾਰ ਇਦਾਂ ਦਾ ਵੀ ਕੀ ਹੈ ਵੀ ਤੁਸੀਂ ਵੱਧ ਪੈਸੇ ਹੀ ਨਹੀਂ ਕਮਾਉਣਾ ਚਾਹੁੰਦੇ ਤਾਂ ਓਹਨੇ ਹੱਸ ਕੇ ਕਿਹਾ ਕੇ ਰੱਬ ਦੀ ਰੱਜ਼ਾ 'ਚ ਰਾਜ਼ੀ ਰਹਿਣਾ ਚਾਹੀਦਾ ਹੈ ਸਿਰਫ ਲੋੜ ਜਿਨ੍ਹਾਂ ਹੀ ਉਸ ਪ੍ਰਮਾਤਮਾ ਕੋਲੋਂ ਮੰਗਣਾ ਚਾਹੀਦਾ ਹੈ। ਵਾਧੂ ਤਾਂ ਜਿੰਨਾ ਮਰਜ਼ੀ ਤਰਲੋ ਮੱਛੀ ਹੋਈ ਜਾਓ ਫੇਰ। ਚੱਲ ਆ ਬੈਠ ਤੈਨੂੰ ਮੈਂ ਅੱਜ ਇੱਕ ਬਾਤ ਸੁਣਾਉਂਦਾ। ਇਹਨਾਂ ਕਹਿੰਦਿਆਂ ਓਹਨੇ ਚਾਹ ਦਾ ਗਿਲਾਸ ਇੱਕ ਆਪ ਚੁੱਕ ਲਿਆ ਤੇ ਇੱਕ ਮੈਨੂੰ ਫੜਾਉਂਦਿਆਂ ਸ਼ੁਰੂ ਕੀਤਾ ਕਿ ਇੱਕ ਸ਼ਹਿਰ ਵਿੱਚ ਬਹੁਤ ਤਕੜਾ ਸੇਠ ਸੀ। ਚੰਗਾ ਕਾਰੋਬਾਰ,ਪੈਸਾ,ਪਰਿਵਾਰ, ਧੀ, ਪੁੱਤਰ ਐਨ ਜਮਾ ਠਾਠ ਵਾਲਾ ਸਭ ਕੁਝ। ਪੰਡਿਤ ਜੀ ਦੇ ਕਹਿਣ ਤੇ ਸੇਠ ਸਾਹਿਬ ਨੇ ਘਰੇ ਗਰੀਬਾਂ ਨੂੰ ਭੋਜਨ ਸ਼ਕਾਉਣ ਦਾ ਪ੍ਰੋਗਰਾਮ ਉਲੀਕਿਆ। ਮੈਂ ਉਸ ਟਾਈਮ ਓਸੇ ਸੇਠ ਦੀ ਫੈਕਟਰੀ ਦੇ ਕੋਲ ਹੀ ਕੰਮ ਕਰਦਾ ਸੀ ਤਾਂ ਮੈਨੂੰ ਵੀ ਸੱਦਾ ਆਇਆ। ਹੱਥ ਮੂੰਹ ਜਿਆ ਧੋ ਕੇ ਆਪਾਂ ਵੀ ਤੁਰ ਪਏ ਵੀ ਚਲੋ ਦੇਖ ਆਉਣੇ ਆ ਕੀ ਕੁਝ ਹੈ। ਪਹੁੰਚਦਿਆਂ ਸਾਰ ਹੀ ਸਾਨੂੰ ਸ਼ਾਨਦਾਰ ਕੋਠੀ ਦੇਖਣ ਨੂੰ ਮਿਲੀ ਬਾਹਰ ਵੱਡਾ ਸਾਰਾ ਪਾਰਕ ਤੇ ਐਨ ਸ਼ੀਸ਼ੇ ਨਾਲ ਇੰਨ-ਬਿੰਨ ਚਮਕ ਰਹੀ ਇਮਾਰਤ। ਇਹ ਸਭ ਦੇਖ ਕੇ ਪਤਾ ਲੱਗ ਰਿਹਾ ਸੀ ਕਿ ਸੇਠ ਜੀ ਕੋਲ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ। ਸਾਨੂੰ ਇੱਕ ਵੱਡੇ ਤਖਤਪੋਸ਼ ਤੇ ਬਿਠਾ ਦਿੱਤਾ ਗਿਆ। ਸਾਡੇ ਲਈ ਚਾਂਦੀ ਦੀਆਂ ਥਾਲੀਆਂ ਵਿੱਚ ਭੋਜਨ ਆਇਆ ਤਾਂ ਉਸ ਵਿੱਚ ਬਹੁਤ ਸਾਰੇ ਪਕਵਾਨ ਸਜਾਏ ਹੋਏ ਸਨ। ਖੀਰ ,ਕੜਾਹ , ਪੂਰੀਆਂ , ਫੁਲਕੇ ਤੇ ਤਰ੍ਹਾਂ-ਤਰ੍ਹਾਂ ਦੀਆਂ ਸਬਜ਼ੀਆਂ। ਸਾਡੇ ਨਾਲ ਹੀ ਆ ਗਈ ਸੇਠ ਜੀ ਦੀ ਥਾਲੀ ਜਿਸਦਾ ਭੋਜਨ ਸਾਡੇ ਸ਼ਾਨਦਾਰ ਖਾਣੇ ਦੇ ਮੁਕਾਬਲੇ ਬਿਲਕੁਲ ਬੇਕਾਰ ਸੀ। ਓਹਦੀ ਥਾਲੀ ਵਿੱਚ ਇਕ ਪਾਸੇ ਪੀਲਾ ਜਿਹਾ ਪਾਣੀ ਤੇ ਨਾਲ ਹੀ ਦੋ ਬਿਨਾ ਚੋਪੜੀਆਂ ਹੋਇਆਂ ਰੋਟੀਆਂ। ਮੈਂ ਸੋਚਿਆ ਸ਼ਾਇਦ ਹਲੇ ਸੇਠ ਜੀ ਦਾ ਅਸਲੀ ਖਾਣਾ ਆਉਣਾ ਹੋਊ ,ਪਰ ਜਦੋਂ ਕਾਫੀ ਦੇਰ ਤਕ ਸੇਠ ਜੀ ਓਸੇ ਪਾਣੀ 'ਚ ਰੋਟੀ ਭਿਓਂ-ਭਿਓਂ ਖਾਂਦੇ ਰਹੇ ਤਾਂ ਮੈਂ ਪੁੱਛ ਹੀ ਲਿਆ ਵੀ ਸੇਠ ਜੀ ਤੁਸੀਂ ਇਹ ਕਿਉਂ ਖਾ ਰਹੇ ਹੋ ਤੁਹਾਡੇ ਕੋਲ ਤਾਂ ਇੰਨੇ ਸ਼ਾਨਦਾਰ ਭੋਜਨ ਹਨ। ਸੇਠ ਜੀ ਨੇ ਲੰਬਾ ਸਾਹ ਲਿਆ ਤੇ ਦੱਸਿਆ ਕਿ ਉਹ ਬਸ ਆਹ ਮੂੰਗੀ ਦੀ ਦਾਲ ਦਾ ਪਾਣੀ ਤੇ ਬਿਨਾ ਘਿਉ ਲੱਗੀ ਰੋਟੀ ਹੀ ਖਾ ਸਕਦਾ ਹੈ। ਨਾ ਕੋਈ ਮੀਠੀ ਚੀਜ਼ ਖਾਣੀ ਹੈ ਤੇ ਨਾ ਹੀ ਮਸਾਲੇ ਵਾਲੀ , ਮੈਂ ਆਖਿਆ ਕਿਉਂ ਤਾਂ ਕਹਿੰਦੇ ਜੀ ਡਾਕਟਰ ਨੇ ਮਨਾਂ ਕੀਤਾ ਹੈ। ਮੈਂ ਸੇਠ ਜੀ ਦੀ ਗੱਲ ਸੁਣਦੇ ਹੀ ਸੋਚਾਂ ਵਿੱਚ ਪੈ ਗਿਆ ਕੇ ਬੰਦਾ ਪੈਸੇ ਕਾਹਦੇ ਲਈ ਕਮਾਉਂਦਾ ਹੈ ? ਲੋੜਾਂ ਵਧਾਉਣ ਨੂੰ ਤਾਂ ਜਿੰਨੀਆਂ ਮਰਜੀ ਵਧਾ ਲਾਓ , ਪਰ ਸਬਰ ਕਰਨਾ ਸਿੱਖੋ ਤੇ ਹਮੇਸ਼ਾ ਚੰਗੀ ਸਿਹਤ ਦੀ ਕਾਮਨਾ ਕਰੋ , ਇਹੀ ਤੁਹਾਡੀ ਅਸਲੀ ਕਮਾਈ ਹੈ। ਇੰਨਾ ਸੁਣਦੇ ਮੈਂ ਵੀ ਅਮਨ ਕੋਲ਼ੋਂ ਆਉਂਦਾ-ਆਉਂਦਾ ਇਹੀ ਸੋਚ ਰਿਹਾ ਸੀ ਕਿ ਮੈਂ ਵੀ ਰੋਜ "Exercise" ਕਰਿਆ ਕਰੂੰ।
