
ਇੱਕ ਮੱਧਵਰਗੀ ਪਰਿਵਾਰ ਵਿਚ ਦੋ ਮੁੰਡੇ ਸਨ। ਉਹਨਾਂ ਦਾ ਪਿਤਾ ਇਕ ਪ੍ਰਾਇਵੇਟ ਕੰਪਨੀ ਵਿੱਚ ਕੰਮ ਕਰਦਾ ਸੀ। ਘਰ ਦਾ ਗੁਜਾਰਾ ਠੀਕ ਠਾਕ ਚਲ ਜਾਂਦਾ ਸੀ। ਮੁੰਡੇ ਕੰਮਚੋਰ ਹੋ ਗਏ ਸਨ। ਉਹ ਹਰ ਕੰਮ ਨੂੰ ਜਵਾਬ ਦੇ ਦੇਂਦੇ ਤੇ ਆਪਣੇ ਪਿਤਾ ਦਾ ਬਿਲਕੁਲ ਕੰਮ ਵਿੱਚ ਹੱਥ ਨਾ ਵਟਾਉਂਦੇ। ਉਹਨਾਂ ਦਾ ਪਿਤਾ ਉਹਨਾਂ ਨੂੰ ਬਹੁਤ ਗਾਲਾਂ ਕੱਢ ਦਾ ਕਿਉਂਕਿ ਉਹ ਆਪ ਇੱਕ ਕਿਰਤੀ ਬੰਦਾ ਸੀ। ਪਰ ਦੋਹਵੇਂ ਮੁੰਡੇ ਇੰਝ ਹੀ ਕਹਿੰਦੇ ਰਹਿੰਦੇ ਕਿ ਜੋ ਕਿਸਮਤ ਵਿੱਚ ਹੋਇਆ ਮਿਲ ਜਾਵੇਗਾ। ਇੱਕ ਦਿਨ ਇੰਝ ਹੀ ਦੋਹਵੇਂ ਮੁੰਡੇ ਜਦੋਂ ਬਾਹਰ ਖੇਤਾਂ ਵਿੱਚ ਦੀ ਘਰ ਆ ਰਹੇ ਸਨ ਤਾਂ ਉਹਨਾਂ ਦੀ ਨਜਰ ਇੱਕ ਘੜੇ ਤੇ ਪਈ। ਘੜੇ ਦਾ ਮੂੰਹ ਲਾਲ ਕੱਪੜੇ ਨਾਲ ਚੰਗੀ ਤਰ੍ਹਾਂ ਬੰਨਿਆ ਹੋਇਆ ਸੀ। ਦੋਹਵੇਂ ਇੱਕ ਦੂਜੇ ਵੱਲ ਦੇਖਦੇ ਖੁਸ਼ ਹੋਏ ਤੇ ਫਟਾਫਟ ਘੜਾ ਚੁੱਕ ਕੇ ਖੋਲਣ ਲੱਗੇ। ਕਾਫੀ ਚੰਗੀ ਤਰਾਂ ਬੰਨਿਆ ਹੋਣ ਕਰਕੇ ਖੋਲਣ ਵਿਚ ਕਾਫੀ ਜ਼ੋਰ ਲੱਗ ਰਿਹਾ ਸੀ। ਕਰਦੇ ਕਰਾਉਂਦੇ ਉਹਨਾਂ ਨੇ ਤਕਰੀਬਨ ਅੱਧਾ ਘੰਟਾ ਜਦੋ ਜਹਿਦ ਕਰਨ ਤੋਂ ਬਾਅਦ ਆਖਿਰਕਾਰ ਉਸ ਘੜੇ ਦਾ ਮੂੰਹ ਖੋਲ ਲਿਆ। ਕੱਪੜਾ ਹਟਾਉਂਦਿਆਂ ਹੀ ਜ਼ੋਰਦਾਰ ਰੋਸ਼ਨੀ ਚਾਰੇ ਪਾਸੇ ਫੈਲ ਗਈ, ਘੜਾ ਸੋਨੇ ਤੇ ਹੀਰਿਆਂ ਦੇ ਗਹਿਣਿਆਂ ਨਾਲ ਭਰਿਆ ਹੋਇਆ ਸੀ। ਉਹ ਫਟਾਫਟ ਓਹਨੂੰ ਲੈ ਕੇ ਘਰ ਪਹੁੰਚੇ ਤੇ ਸਭ ਨੂੰ ਖੁਸ਼ਖਬਰੀ ਦਿੱਤੀ। ਹੁਣ ਉਹ ਗਹਿਣੇ ਲੈਕੇ ਬਜ਼ਾਰ ਵੱਲ ਉਹਨਾਂ ਨੂੰ ਵੇਚਣ ਲਈ ਤੁਰ ਪਏ ਪਰ ਜਿਹੜੇ ਸ਼ਹਿਰ ਉਹ ਰਹਿੰਦੇ ਸਨ ਓਥੇ ਇੰਨੇ ਪੈਸੇ ਕੋਈ ਨਹੀਂ ਸੀ ਦੇ ਸਕਦਾ ਤਾਂ ਉਹਨਾਂ ਨੂੰ ਉਹਨਾਂ ਦੇ ਸ਼ਹਿਰ ਦੇ ਹੀ ਇੱਕ ਚੰਗੇ ਸੁਨਿਆਰ ਨੇ ਸਲਾਹ ਦਿੱਤੀ ਕੇ ਉਹ ਇਹ ਗਹਿਣੇ ਦਿੱਲੀ ਜਾ ਕੇ ਵੇਚ ਆਉਣ ਕਿਉਂਕਿ ਓਥੋਂ ਹੀ ਇਹਨਾਂ ਦਾ ਸਹੀ ਮੁੱਲ ਮਿਲ ਸਕਦਾ ਸੀ। ਦੋਹਵੇਂ ਭਰਾ ਚਾਈਂ ਚਾਈਂ ਦਿੱਲੀ ਵੱਲ ਹੋ ਤੁਰੇ ਤੇ ਕਾਫੀ ਕੀਮਤ ਤੇ ਉਹਨਾਂ ਨੇ ਉਹ ਗਹਿਣੇ ਵੇਚ ਦਿੱਤੇ। ਸਾਰਾ ਮਿਲਿਆ ਪੈਸੇ ਲੈ ਕੇ ਉਹ ਘਰ ਪਹੁੰਚੇ। ਅਜੇ ਉਹਨਾਂ ਨੇ ਜਾ ਕੇ ਪੈਸਿਆਂ ਵਾਲਾ ਬੈਗ ਪੈਸੇ ਵੰਡਣ ਲਈ ਖੋਲਿਆ ਹੀ ਸੀ ਕਿ ਉਹਨਾਂ ਦੀ ਮਾਂ ਨੇ ਆ ਕੇ ਉਹਨਾਂ ਨੂੰ ਉਠਾ ਦਿੱਤਾ ਕੇ ਉੱਠ ਕੇ ਕੰਮ ਕਰਲੋ ਕੋਈ ਦਿਨ ਚੜੇ ਤੱਕ ਸੁੱਤੇ ਰਹਿਣੇ ਹੋ। ਉਹ ਉੱਠ ਕੇ ਆਪਣੇ ਅੱਲੇ ਦਵਾਲੇ ਪੈਸਿਆਂ ਵਾਲਾ ਬੈਗ ਲੱਭ ਰਹੇ ਸੀ ਜੋ ਕੇ ਉਸ ਸੁਪਨੇ ਦੇ ਨਾਲ ਹੀ ਗਾਇਬ ਹੋ ਗਿਆ ਸੀ। ਸੋ ਦੋਸਤੋ ਮਿਹਨਤ ਕਰੋ, ਕਿਉਂਕਿ ਜੇਕਰ ਕਿਸਮਤ ਹੱਥਾਂ ਦੀਆਂ ਲਕੀਰਾਂ 'ਚ ਹੁੰਦੀ ਤਾਂ ਬਿਨਾ ਹੱਥਾਂ ਵਾਲ਼ੇ ਜਿਓੰਦੇ ਹੀ ਨਾ ਹੁੰਦੇ। ਇਸ ਲਈ ਬੰਦੇ ਨੂੰ ਪੂਰੀ ਲਗਨ ਤੇ ਮਿਹਨਤ ਨਾਲ ਕੰਮ ਕਰਨਾ ਚਾਹੀਦਾ ਹੈ। ਮਿਹਨਤ ਦਾ ਫਲ ਜਰੂਰ ਮਿਲਦਾ ਹੈ। #saadeaalaradio #sadealaradio #sarabjeetsingh
❤️❤️❤️